ਕਰਨਾਟਕ ਦੇ ਮੰਤਰੀ ਦੇ ‘ਕੁੱਤੇ’ ਵਾਲੇ ਬਿਆਨ ’ਤੇ ਘਮਸਾਨ

Tuesday, Feb 17, 2026 - 09:59 PM (IST)

ਕਰਨਾਟਕ ਦੇ ਮੰਤਰੀ ਦੇ ‘ਕੁੱਤੇ’ ਵਾਲੇ ਬਿਆਨ ’ਤੇ ਘਮਸਾਨ

ਬੈਂਗਲੁਰੂ - ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਤੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਦਰਮਿਆਨ ਲੀਡਰਸ਼ਿਪ ਦਾ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਮੰਗਲਵਾਰ ਉਸ ਸਮੇਂ ਹੋਰ ਡੂੰਘਾ ਹੋ ਗਿਆ ਜਦੋਂ ਸੂਬੇ ਦੇ ਸਮਾਜ ਭਲਾਈ ਮੰਤਰੀ ਐੱਚ. ਸੀ. ਮਹਾਦੇਵੱਪਾ ਨੇ ਆਵਾਰਾ ਕੁੱਤਿਆਂ ਬਾਰੇ ਹਾਈ ਕੋਰਟ ਦੀਆਂ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ ਇਕ ਵਿਵਾਦਪੂਰਨ ਬਿਆਨ ਦਿੱਤਾ। ਦੂਜੇ ਪਾਸੇ ਸੱਤਾ ਧਿਰ ਅਤੇ ਵਿਰੋਧੀ ਧਿਰ ਨੇ ਉਨ੍ਹਾਂ ਦੀ ਆਲੋਚਨਾ ਕੀਤੀ ਹੈ।

ਸ਼ਿਵਕੁਮਾਰ ਸਮੇਤ ਕਾਂਗਰਸ ਦੇ ਸੀਨੀਅਰ ਨੇਤਾਵਾਂ ਤੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਮਹਾਦੇਵੱਪਾ ਦੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ। ਮੈਸੂਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਹਾਦੇਵੱਪਾ ਨੇ ਉੱਚ ਪੱਧਰ ’ਤੇ ਤਬਦੀਲੀ ਦੀ ਸੰਭਾਵਨਾ ਨੂੰ ਰੱਦ ਕਰਦੇ ਹੋਏ ਕਿਹਾ ਕਿ ਹਾਈ ਕੋਰਟ ਨੇ ਵਾਰ-ਵਾਰ ਆਵਾਰਾ ਕੁੱਤਿਆਂ ਨੂੰ ਫੜਨ ਤੇ ਉਨ੍ਹਾਂ ਨੂੰ ਸ਼ੈਲਟਰ ਹੋਮਜ਼ ’ਚ ਬੰਦ ਕਰਨ ਲਈ ਕਿਹਾ ਹੈ। ਇੱਥੇ ਸਿਆਸੀ ਲੀਡਰਸ਼ਿਪ ਮਜ਼ਬੂਤ ​​ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਹਾਈ ਕਮਾਂਡ ਨੂੰ ਦਿਸ਼ਾ-ਨਿਰਦੇਸ਼ ਨਹੀਂ ਦੇ ਸਕਦਾ।

ਮੰਤਰੀ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸ਼ਿਵਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਸਿੱਧਰਮਈਆ ਕਦੋਂ ਜਵਾਬ ਦੇਣਗੇ, ਇਹ ਤਾਂ ਸਮਾਂ ਹੀ ਦੱਸੇਗਾ। ਸ਼ਿਵਕੁਮਾਰ ਕਾਂਗਰਸ ਦੀ ਕਰਨਾਟਕ ਇਕਾਈ ਦੇ ਪ੍ਰਧਾਨ ਵੀ ਹਨ। ਉਨ੍ਹਾਂ ਬੈਂਗਲੁਰੂ ’ਚ ਪੱਤਰਕਾਰਾਂ ਨਾਲ ਹੱਲਬਾਤ ਕਰਦਿਆਂ ਕਿਹਾ ਕਿ ਮੈਂ ਮਹਾਦੇਵੱਪਾ ਦੇ ਬਿਆਨ ’ਤੇ ਟਿੱਪਣੀ ਕਰਨ ਲਈ ਤਿਆਰ ਨਹੀਂ ਹਾਂ। ਸ਼ਿਵਕੁਮਾਰ ਦੇ ਭਰਾ ਡੀ. ਕੇ. ਸੁਰੇਸ਼ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਮੰਤਰੀ ਕਿਸਨੂੰ ਕੁੱਤਾ ਕਹਿ ਰਹੇ ਸਨ।

ਵਿਰੋਧੀ ਧਿਰ ਨੇ ਬਿਆਨ ਨੂੰ ਲੈ ਕੇ ਕਾਂਗਰਸ ’ਤੇ ਹਮਲਾ ਬੋਲਿਆ
ਕਾਂਗਰਸ ਐੱਮ. ਐੱਲ. ਸੀ. ਬੀ. ਕੇ. ਹਰੀਪ੍ਰਸਾਦ ਨੇ ਕਿਹਾ ਕਿ ਸ਼ਿਵਕੁਮਾਰ ਪੂਰੀ ਪਾਰਟੀ ਨੂੰ ਨਾਲ ਲੈ ਕੇ ਚੱਲਦੇ ਹਨ। ਉੱਥੇ ਹੀ ਵਿਰੋਧੀ ਧਿਰ ਨੇ ਇਸ ਬਿਆਨ ਨੂੰ ਲੈ ਕੇ ਕਾਂਗਰਸ ’ਤੇ ਹਮਲਾ ਬੋਲਿਆ ਹੈ। ਵਿਧਾਨ ਪ੍ਰੀਸ਼ਦ ’ਚ ਵਿਰੋਧੀ ਧਿਰ ਦੇ ਨੇਤਾ ਚਲਵਾੜੀ ਨਾਰਾਇਣਸਵਾਮੀ ਨੇ ਕਿਹਾ ਕਿ ਇਸ ਬਿਆਨ ਤੋਂ ਲੱਗਦਾ ਹੈ ਕਿ ਕਾਂਗਰਸ ’ਚ ਨੇਤਾ ਹੀ ਇਕ-ਦੂਜੇ ਨੂੰ ਕੁੱਤਾ ਕਹਿ ਰਹੇ ਹਨ।
 


author

Inder Prajapati

Content Editor

Related News