ਕਰਨਾਟਕ ਚੋਣਾਂ ਲਈ ਭਾਜਪਾ ਨੇ ਜਾਰੀ ਕੀਤਾ ਮੈਨੀਫੈਸਟੋ, ਜਾਣੋ ਕੀ ਕੀਤੇ ਚੁਣਾਵੀ ਵਾਅਦੇ
Monday, May 01, 2023 - 01:07 PM (IST)
ਨਵੀਂ ਦਿੱਲੀ- ਕਰਨਾਟਕ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀਆਂ ਹਨ। ਇਸ ਚੋਣ ਅਖਾੜੇ 'ਚ ਭਾਜਪਾ ਨੇ ਆਪਣੇ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੇ ਕਰਨਾਟਕ ਚੋਣਾਂ ਨੂੰ ਲੈ ਕੇ ਮੈਨੀਫੈਸਟੋ ਜਾਰੀ ਕੀਤਾ ਹੈ। ਮੈਨੀਫੈਸਟੋ ਨੂੰ ਭਾਜਪਾ ਨੇ ਸੰਕਲਪ ਪੱਤਰ ਦਾ ਵੀ ਨਾਂ ਦਿੱਤਾ ਹੈ। ਇਸ ਮੌਕੇ ਮੁੱਖ ਮੰਤਰੀ ਬਸਵਰਾਜ ਬੋਮਈ ਅਤੇ ਸੀਨੀਅਰ ਨੇਤਾ ਯੇਦੀਯੁਰੱਪਾ ਵੀ ਮੌਜੂਦ ਰਹੇ। ਭਾਜਪਾ ਨੇ ਆਪਣੇ ਮੈਨੀਫੈਸਟੋ ਵਿਚ ਕਰਨਾਟਕ 'ਚ ਇਕਸਾਰ ਸਿਵਲ ਕੋਡ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਭਾਜਪਾ ਨੇ BPL ਕਾਡਰ ਧਾਰਕਾਂ ਨੂੰ ਤਿੰਨ ਗੈਸ ਸਿਲੰਡਰ ਦੇਣ ਦਾ ਵਾਅਦਾ ਕੀਤਾ ਹੈ।
ਭਾਜਪਾ ਨੇ ਮੈਨੀਫੈਸਟੋ 'ਚ ਕੀਤੇ ਇਹ ਵਾਅਦੇ
ਕਰਨਾਟਕ 'ਚ ਸਾਰੇ BPL ਕਾਡਰ ਧਾਰਕਾਂ ਨੂੰ ਤਿੰਨ ਮੁਫਤ ਗੈਸ ਸਿਲੰਡਰ ਦਿੱਤੇ ਜਾਣਗੇ।
ਕਰਨਾਟਕ 'ਚ ਇਕਸਾਰ ਸਿਵਲ ਕੋਡ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਹੈ।
BPL ਕਾਰਡ ਧਾਰਕਾਂ ਨੂੰ ਰੋਜ਼ਾਨਾ 1/2 ਲੀਟਰ ਦੁੱਧ ਦਿੱਤਾ ਜਾਵੇਗਾ।
ਸਰਕਾਰੀ ਸਕੂਲਾਂ ਦੇ ਸਰਵਪੱਖੀ ਅਪਗ੍ਰੇਡੇਸ਼ਨ ਲਈ ਵਿਦਿਆ ਸਕੀਮ।
ਬਜ਼ੁਰਗ ਨਾਗਰਿਕਾਂ ਲਈ ਮੁਫਤ ਸਾਲਾਨਾ ਸਿਹਤ ਜਾਂਚ।
ਮੰਦਰਾਂ ਦੀ ਸਾਂਭ-ਸੰਭਾਲ ਲਈ 1,000 ਕਰੋੜ ਰੁਪਏ।
25,000 ਲੋਕਾਂ ਲਈ ਕਾਸ਼ੀ ਅਤੇ ਕੇਦਾਰਨਾਥ ਦੀ ਮੁਫਤ ਤੀਰਥ ਯਾਤਰਾ।
ਪੇਂਡੂ ਖੇਤਰਾਂ ਵਿਚ 10 ਲੱਖ ਗਰੀਬਾਂ ਨੂੰ ਘਰ।
ਕਿਸਾਨਾਂ ਲਈ ਐਗਰੋ ਫੰਡ ਦੇ ਨਾਂ ਤੋਂ ਐਮਰਜੈਂਸੀ ਫੰਡ।
ਮਾਈਕਰੋ ਸਟੋਰੇਜ ਸੁਵਿਧਾਵਾਂ ਸਥਾਪਤ ਕਰਨ ਲਈ 30,000 ਕਰੋੜ ਦਾ ਖੇਤੀ ਫੰਡ।
ਆਯੁਸ਼ਮਾਨ ਭਾਰਤ ਦੇ ਤਹਿਤ ਬੀਮਾ ਕਵਰ 5 ਲੱਖ ਤੋਂ ਵਧਾ ਕੇ 10 ਲੱਖ ਕੀਤਾ ਜਾਵੇਗਾ।
ਦੱਸ ਦੇਈਏ ਕਿ ਕਰਨਾਟਕ 'ਚ ਵਿਧਾਨ ਸਭਾ ਚੋਣਾਂ ਲਈ ਇਕ ਹੀ ਪੜਾਅ 'ਚ ਵੋਟਾਂ 10 ਮਈ ਨੂੰ ਹੋਣਗੀਆਂ ਅਤੇ 13 ਮਈ ਨੂੰ ਨਤੀਜੇ ਐਲਾਨੇ ਜਾਣਗੇ। ਕਰਨਾਟਕ ਵਿਚ 224 ਵਿਧਾਨ ਸਭਾ ਸੀਟਾਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ 104 ਸੀਟਾਂ 'ਤੇ ਜਿੱਤ ਹਾਸਲ ਹੋਈ ਸੀ। ਉੱਥੇ ਹੀ ਕਾਂਗਰਸ ਨੇ 80 ਅਤੇ ਜੇ. ਡੀ. ਐੱਸ ਨੇ 37 ਸੀਟਾਂ ਜਿੱਤੀਆਂ ਸਨ। ਹਾਲਾਂਕਿ ਕਿਸੇ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਸੀ।