ਵੀਰ ਜਵਾਨ ਜੋ ਪਹਿਲੀ ਤਨਖ਼ਾਹ ਲੈਣ ਤੋਂ ਪਹਿਲਾਂ ਪਾ ਗਿਆ ਸ਼ਹੀਦੀ, ਅੱਖਾਂ-ਕੰਨ ਤੋਂ ਬਿਨਾਂ ਘਰ ਆਈ ਸੀ ਮ੍ਰਿਤਕ ਦੇਹ
Tuesday, Jul 26, 2022 - 04:47 PM (IST)
ਨਵੀਂ ਦਿੱਲੀ– ਕਾਰਗਿਲ ਜੰਗ ਦੀ ਸ਼ੁਰੂਆਤ ਵਿਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਕੈਪਟਨ ਸੌਰਭ ਕਾਲੀਆ ਦੇ ਮਾਤਾ-ਪਿਤਾ ਨੇ ਅੱਜ ਵੀ ਆਪਣੇ ਪੁੱਤਰ ਦੀ ਯਾਦ ਵਿਚ ਉਨ੍ਹਾਂ ਦੇ ਦਸਤਖਤ ਵਾਲਾ ਇਕ ਚੈੱਕ ਸੰਭਾਲ ਕੇ ਰੱਖਿਆ ਹੋਇਆ ਹੈ। ਸੌਰਭ ਨੇ ਕਾਰਗਿਲ ਲਈ ਰਵਾਨਾ ਹੋਣ ਵਾਲੇ ਦਿਨ ਹੀ ਇਸ ’ਤੇ ਦਸਤਖਤ ਕੀਤੇ ਸਨ। ਦੁਨੀਆ ਲਈ ਇਕ ਨਾਇਕ ਅਤੇ ਪਰਿਵਾਰ ਲਈ ਸ਼ਰਾਰਤੀ, ਕੈਪਟਨ ਸੌਰਭ 1999 ਦੀ ਕਾਰਗਿਲ ਜੰਗ ਦੌਰਾਨ ਸ਼ੁਰੂਆਤ ’ਚ ਸ਼ਹੀਦ ਹੋਏ ਜਵਾਨਾਂ ’ਚੋਂ ਇਕ ਸੀ। ਉਹ ਭਾਰਤੀ ਫੌਜ ਦੇ ਉਨ੍ਹਾਂ ਛੇ ਜਵਾਨਾਂ ’ਚੋਂ ਇਕ ਸੀ, ਜਿਨ੍ਹਾਂ ਦੀ ਵਿਗੜ ਚੁੱਕੀ ਲਾਸ਼ ਪਾਕਿਸਤਾਨ ਨੇ ਸੌਂਪੀ ਸੀ। ਸੌਰਭ ਦੇ ਪਿਤਾ ਨਰਿੰਦਰ ਕੁਮਾਰ ਅਤੇ ਮਾਂ ਵਿਜੇ ਕਾਲੀਆ ਨੂੰ ਅੱਜ ਵੀ ਉਹ ਪਲ ਯਾਦ ਹੈ ਜਦੋਂ ਉਨ੍ਹਾਂ ਨੇ 20 ਸਾਲ ਪਹਿਲਾਂ ਆਪਣੇ ਵੱਡੇ ਪੁੱਤਰ (ਸੌਰਭ) ਨੂੰ ਆਖਰੀ ਵਾਰ ਦੇਖਿਆ ਸੀ। ਉਹ (ਸੌਰਭ) ਅਜੇ 23 ਸਾਲ ਦਾ ਵੀ ਨਹੀਂ ਸੀ ਅਤੇ ਆਪਣੀ ਡਿਊਟੀ 'ਤੇ ਜਾ ਰਿਹਾ ਸੀ ਪਰ ਪਤਾ ਨਹੀਂ ਕਿੱਥੇ ਜਾਣਾ ਹੈ।
ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਸਥਿਤ ਆਪਣਏ ਘਰੋਂ ਉਨ੍ਹਾਂ ਦੀ ਮਾਂ ਵਿਜੇ ਨੇ ਫੋਨ ’ਤੇ ਦੱਸਿਆ, ਉਹ (ਸੌਰਭ) ਰਸੋਈ ’ਚ ਆਇਆ ਅਤੇ ਦਸਤਖਤ ਕੀਤਾ ਹੋਇਆ ਪਰ ਬਿਨਾਂ ਰਕਮ ਭਰਿਆ ਇਕ ਚੈੱਕ ਮੈਂ ਸੌਂਪਿਆ ਅਤੇ ਮੈਨੂੰ ਉਸਦੇ ਬੈਂਕ ਖਾਤੇ ’ਚੋਂ ਪੈਸੇ ਕਢਵਾਉਣ ਲਈ ਕਿਹਾ ਕਿਉਂਕਿ ਉਹ ਫੀਲਡ ’ਚ ਜਾ ਰਿਹਾ ਸੀ। ਸੌਰਭ ਦੇ ਦਸਤਖਤ ਵਾਲਾ ਇਹ ਚੈੱਕ, ਉਸ ਦੁਆਰਾ ਲਿਖੀ ਹੋਈ ਆਖਰੀ ਨਿਸ਼ਾਨੀ ਹੈ, ਜਿਸ ਨੂੰ ਅੱਜ ਵੀ ਸੰਭਾਲ ਕੇ ਰੱਖਿਆ ਹੋਇਆ ਹੈ। ਸੌਰਭ ਦੀ ਮਾਂ ਨੇ ਕਿਹਾ ਕਿ ਇਹ ਚੈੱਕ ਮੇਰੇ ਸ਼ਰਾਰਤੀ ਪੁੱਤਰ ਦੀ ਇਕ ਪਿਆਰੀ ਜਿਹੀ ਯਾਦ ਹੈ। ਉਸਦੇ ਪਿਤਾ ਨੇ ਕਿਹਾ ਕਿ 30 ਮਈ 1999 ਨੂੰ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਆਖਰ ਵਾਰ ਗੱਲ ਹੋਈ ਸੀ, ਜਦੋਂ ਉਸਦੇ ਛੋਟੇ ਭਰਾ ਵੈਭਵ ਦਾ ਜਨਮਦਿਨ ਸੀ। ਉਸ ਨੇ 29 ਜੂਨ ਨੂੰ ਆਪਣੇ ਆਉਣ ਵਾਲੇ ਜਨਮਦਿਨ ’ਤੇ ਘਰ ਆਉਣ ਦਾ ਵਾਅਦਾ ਕੀਤਾ ਸੀ ਪਰ 23ਵੇਂ ਜਨਮਦਿਨ ’ਤੇ ਆਉਣ ਦਾ ਆਪਣਾ ਵਾਅਦਾ ਉਹ ਪੂਰਾ ਨਹੀਂ ਕਰ ਸਕਿਆ ਅਤੇ ਦੇਸ਼ ਲਈ ਬਲਿਦਾਨ ਦੇ ਦਿੱਤਾ। ਸੌਰਭ ਦੀ ਮਾਂ ਨੇ ਕਿਹਾ ਕਿ ਉਹ ਸਮੇਂ ਤੋਂ ਪਹਿਲਾਂ ਆ ਗਿਆ ਸੀ ਪਰ ਤਿਰੰਗੇ ’ਚ ਲਿਪਟਿਆ ਹੋਇਆ। ਹਜ਼ਾਰਾਂ ਲੋਕ ਸੋਗ ’ਚ ਸਨ ਅਤੇ ਮੇਰੇ ਪੁੱਤਰ ਦੇ ਨਾਂ ਦੇ ਨਾਅਰੇ ਲਗਾ ਰਹੇ ਸਨ।
ਪਾਲਮਪੁਰ ਸਥਿਤ ਉਨ੍ਹਾਂ ਦਾ ਪੂਰਾ ਕਮਰਾ ਇਕ ਮਿਊਜ਼ੀਅਮ ਵਰਗਾ ਦਿਸਦਾ ਹੈ ਜੋ ਸੌਰਭ ਨੂੰ ਸਮਰਪਿਤ ਹੈ। ਦੇਸ਼ ਲਈ ਕੀਤੀ ਕੁਰਬਾਨੀ ਲਈ ਲੈਫਟੀਨੈਂਟ ਨੂੰ ਮਰਨ ਉਪਰੰਤ ਕੈਪਟਨ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਸੀ। ਉਸ ਦੇ ਪਿਤਾ ਨੇ ਕਿਹਾ, ‘ਇੰਡੀਅਨ ਮਿਲਟਰੀ ਅਕੈਡਮੀ ਵਿਚ ਰਹਿਣ ਦੌਰਾਨ, ਉਹ ਕਹਿੰਦਾ ਸੀ ਕਿ ਉਸ ਲਈ ਇਕ ਕਮਰਾ ਵੱਖਰਾ ਰੱਖਿਆ ਜਾਵੇ ਕਿਉਂਕਿ ਉਸ ਨੇ ਆਪਣੀਆਂ ਚੀਜ਼ਾਂ ਇਸ ਵਿਚ ਰੱਖਣੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਉਸ ਦੀ ਮੰਗ ਪੂਰੀ ਕਰਨ ਹੀ ਵਾਲੇ ਸੀ ਕਿ ਉਹ ਆਪਣੀ ਪਹਿਲੀ ਪੋਸਟਿੰਗ 'ਤੇ ਚਲਾ ਗਿਆ ਅਤੇ ਇਸ ਤੋਂ ਤੁਰੰਤ ਬਾਅਦ ਉਸ ਦੀ ਸ਼ਹਾਦਤ ਦੀ ਖ਼ਬਰ ਆਈ। ਸੌਰਭ ਦੇ ਜਨਮ ਦੇ ਸਮੇਂ ਨੂੰ ਯਾਦ ਕਰਦੇ ਹੋਏ ਉਸ ਦੀ ਮਾਂ ਨੇ ਕਿਹਾ, 'ਅਸੀਂ ਉਸ ਨੂੰ ਸ਼ਰਾਰਤੀ ਕਹਿੰਦੇ ਸੀ ਕਿਉਂਕਿ ਜਦੋਂ ਉਸ ਦਾ ਜਨਮ ਹੋਇਆ ਸੀ ਤਾਂ ਉਸ ਨੂੰ ਮੇਰੀ ਗੋਦੀ ਵਿਚ ਸੌਂਪਣ ਵਾਲੇ ਡਾਕਟਰ ਨੇ ਕਿਹਾ ਸੀ ਕਿ ਤੁਹਾਡਾ ਬੇਟਾ ਸ਼ਰਾਰਤੀ ਹੈ। ਬਾਅਦ ਵਿਚ ਉਨ੍ਹਾਂ ਦੇ ਪੁੱਤਰ ਦੀ ਸ਼ਹਾਦਤ ਨੇ ਅੰਤਰਰਾਸ਼ਟਰੀ ਸੁਰਖੀਆਂ ਬਟੋਰੀਆਂ।
ਦਰਅਸਲ, ਪਾਕਿਸਤਾਨ ਦੇ ਫੌਜੀਆਂ ਨੇ ਉਸ ਨਾਲ ਵਹਿਸ਼ੀ ਸਲੂਕ ਕੀਤਾ ਸੀ। ਉਹ ਪੰਜ ਸਿਪਾਹੀਆਂ ਨਾਲ ਜੂਨ 1999 ਦੇ ਪਹਿਲੇ ਹਫ਼ਤੇ ਕਾਰਗਿਲ ਦੇ ਕੋਕਸਰ ਵਿਖੇ ਖੋਜ ਮਿਸ਼ਨ 'ਤੇ ਗਿਆ ਸੀ ਪਰ ਟੀਮ ਲਾਪਤਾ ਹੋ ਗਈ ਅਤੇ ਉਨ੍ਹਾਂ ਦੇ ਲਾਪਤਾ ਹੋਣ ਦੀ ਪਹਿਲੀ ਖ਼ਬਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਅਸਕਰਦੂ ਰੇਡੀਓ 'ਤੇ ਪ੍ਰਸਾਰਿਤ ਕੀਤੀ ਗਈ। ਸੌਰਭ ਅਤੇ ਉਸ ਦੀ ਟੀਮ (ਸਿਪਾਹੀ ਅਰਜੁਨ ਰਾਮ, ਬਨਵਰ ਲਾਲ, ਭੀਖਾਰਾਮ, ਮੂਲਾ ਰਾਮ ਅਤੇ ਨਰੇਸ਼ ਸਿੰਘ) ਦੀਆਂ ਵਿਗੜੀਆਂ ਲਾਸ਼ਾਂ 9 ਜੂਨ ਨੂੰ ਭਾਰਤ ਨੂੰ ਸੌਂਪ ਦਿੱਤੀਆਂ ਗਈਆਂ ਸਨ। ਅਗਲੇ ਹੀ ਦਿਨ ਪੀ.ਟੀ.ਆਈ. ਨੇ ਪਾਕਿਸਤਾਨ ਦੀ ਬੇਰਹਿਮੀ ਦੀ ਖ਼ਬਰ ਚਲਾਈ। ਉਨ੍ਹਾਂ ਦੇ ਸਰੀਰ ਦੇ ਜ਼ਰੂਰੀ ਅੰਗ ਨਹੀਂ ਸਨ।
ਉਨ੍ਹਾਂ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਸਨ ਅਤੇ ਉਨ੍ਹਾਂ ਦੇ ਨੱਕ, ਕੰਨ ਅਤੇ ਜਣਨ ਅੰਗ ਵੱਢ ਦਿੱਤੇ ਗਏ ਸਨ। ਦੋਵਾਂ ਦੇਸ਼ਾਂ ਦੇ ਹਥਿਆਰਬੰਦ ਸੰਘਰਸ਼ ਦੇ ਇਤਿਹਾਸ ਵਿਚ ਅਜਿਹੀ ਬਰਬਰਤਾ ਕਦੇ ਨਹੀਂ ਦੇਖੀ ਗਈ ਸੀ। ਭਾਰਤ ਨੇ ਇਸ ਨੂੰ ਅੰਤਰਰਾਸ਼ਟਰੀ ਸਮਝੌਤੇ ਦੀ ਉਲੰਘਣਾ ਕਰਾਰ ਦਿੰਦੇ ਹੋਏ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ। ਸੌਰਭ ਦੇ ਪਿਤਾ ਨੇ ਹੰਝੂਆਂ ਨਾਲ ਕਿਹਾ, ਉਹ ਇਕ ਬਹਾਦਰ ਪੁੱਤਰ ਸੀ ਬੇਸ਼ੱਕ ਉਸਨੇ ਬਹੁਤ ਦਰਦ ਸਹਿਣ ਕੀਤਾ ਹੋਵੇਗਾ। ਉਸ ਨੂੰ ਫੌਜ ਵਿਚ ਭਰਤੀ ਹੋਏ 4 ਮਹੀਨੇ ਹੀ ਹੋਏ ਸਨ ਅਤੇ ਪਰਿਵਾਰਕ ਮੈਂਬਰ ਵੀ ਉਸ ਨੂੰ ਵਰਦੀ ਵਿਚ ਦੇਖਣ ਲਈ ਉਤਾਵਲੇ ਸਨ। ਪਰ ਅਜਿਹਾ ਨਹੀਂ ਹੋ ਸਕਿਆ, ਨਾ ਤਾਂ ਕੈਪਟਨ ਕਾਲੀਆ ਵਰਦੀ ਵਿਚ ਆਪਣੇ ਪਰਿਵਾਰ ਨੂੰ ਮਿਲ ਸਕਿਆ ਅਤੇ ਨਾ ਹੀ ਆਪਣੀ ਪਹਿਲੀ ਤਨਖਾਹ ਲੈ ਸਕਿਆ।