ਕਾਨਪੁਰ ਪੁਲਸ ਕਤਲਕਾਂਡ: ਰਾਜ ਮੰਤਰੀ ਨੇ ਸ਼ਹੀਦ ਸੀ. ਓ. ਦੀ ਪਤਨੀ ਨੂੰ ਦਿੱਤਾ 1 ਕਰੋੜ

07/07/2020 6:40:57 PM

ਕਾਨਪੁਰ (ਵਾਰਤਾ)— ਉੱਤਰ ਪ੍ਰਦੇਸ਼ 'ਚ ਲੋਕ ਨਿਰਮਾਣ ਵਿਭਾਗ ਦੇ ਰਾਜ ਮੰਤਰੀ ਚੰਦ੍ਰਿਕਾ ਪ੍ਰਸਾਦ ਉਪਾਧਿਆਏ ਨੇ ਚੌਬੇਪੁਰ 'ਚ ਸ਼ਹੀਦ ਖੇਤਰ ਅਧਿਕਾਰੀ ਦਵਿੰਦਰ ਮਿਸ਼ਰਾ ਦੇ ਪਰਿਵਾਰ ਨਾਲ ਮੰਗਲਵਾਰ ਯਾਨੀ ਕਿ ਅੱਜ ਮੁਲਾਕਾਤ ਕੀਤੀ। ਉਨ੍ਹਾਂ ਨੇ ਦਵਿੰਦਰ ਦੀ ਪਤਨੀ ਨੂੰ ਇਕ ਕਰੋੜ ਰੁਪਏ ਦਾ ਖਾਤਾ ਟਰਾਂਸਫਰ ਦਾ ਸਰਟੀਫ਼ਿਕੇਟ ਸੌਂਪਿਆ। ਉਪਾਧਿਆਏ ਨੇ ਕਿਹਾ ਕਿ ਹਿਸਟਰੀਸ਼ੀਟਰ ਵਿਕਾਸ ਦੁਬੇ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਕੇ ਸਖਤ ਕਾਰਵਾਈ ਕੀਤੀ ਜਾਵੇਗੀ, ਜਿਸ ਨੂੰ ਸੱਤ ਪੁਸ਼ਤਾਂ ਵੀ ਯਾਦ ਰੱਖਣਗੀਆਂ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਖੜ੍ਹੀ ਹੈ। ਮਿਸ਼ਰਾ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਜਾਵੇਗੀ। ਇਸ ਤੋਂ ਉਨ੍ਹਾਂ ਨੂੰ ਉਮਰ ਭਰ ਪੈਨਸ਼ਨ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ 'ਤੇ ਜ਼ਿਲ੍ਹਾ ਅਧਿਕਾਰੀ ਡਾ. ਬ੍ਰਹਮਦੇਵ ਤਿਵਾੜੀ ਅਤੇ ਐੱਸ. ਐੱਸ. ਪੀ. ਦਿਨੇਸ਼ ਕੁਮਾਰ ਵੀ ਮੌਜੂਦ ਸਨ। 

ਇਹ ਵੀ ਪੜ੍ਹੋ: ਪੁਲਸ ਕਤਲਕਾਂਡ: ਵਿਕਾਸ ਦੁਬੇ 'ਤੇ ਹੁਣ ਢਾਈ ਲੱਖ ਰੁਪਏ ਦਾ ਇਨਾਮ

ਜ਼ਿਕਰਯੋਗ ਹੈ ਕਿ ਚੌਬੇਪੁਰ ਦੇ ਬਿਕਰੂ ਪਿੰਡ ਵਿਚ ਬਿਲਹੌਰ ਦੇ ਸੀ. ਓ. ਦਵਿੰਦਰ ਮਿਸ਼ਰਾ ਤੋਂ ਇਲਾਵਾ ਤਿੰਨ ਦਰੋਗਾ ਅਤੇ ਚਾਰ ਸਿਪਾਹੀਆਂ ਦੀ ਬਦਮਾਸ਼ਾਂ ਨਾਲ ਹੋਈ ਗੋਲੀਬਾਰੀ ਵਿਚ ਪਿਛਲੇ ਵੀਰਵਾਰ ਨੂੰ ਮੌਤ ਹੋ ਗਈ ਸੀ, ਜਦੋਂ ਉਹ ਹਿਸਟਰੀਸ਼ੀਟਰ ਵਿਕਾਸ ਦੁਬੇ ਨੂੰ ਫੜਨ ਗਏ ਸਨ। ਓਧਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਾਨਪੁਰ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਸੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਕ ਕਰੋੜ ਰੁਪਏ, ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪੈਨਸ਼ਨ ਦੇਣ ਦੀ ਸਹੂਲਤ ਦਾ ਐਲਾਨ ਕੀਤਾ ਸੀ।


Tanu

Content Editor

Related News