ਪੁਲਸ ਕਤਲਕਾਂਡ: ਵਿਕਾਸ ਦੁਬੇ ਦਾ 'ਸੱਜਾ ਹੱਥ' ਸੀ ਅਮਰ, ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ
Wednesday, Jul 08, 2020 - 12:55 PM (IST)
ਲਖਨਊ— ਕਾਨਪੁਰ ਦੇ ਬਿਕਰੂ ਪਿੰਡ ਵਿਚ 8 ਪੁਲਸ ਮੁਲਾਜ਼ਮਾਂ ਦਾ ਕਤਲ ਮਾਮਲੇ 'ਚ ਪੁਲਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ ਅਤੇ ਬਦਮਾਸ਼ ਵਿਕਾਸ ਦੁਬੇ ਦੇ ਸਾਥੀਆਂ ਨੂੰ ਫੜ੍ਹ ਰਹੀ ਹੈ। 6 ਦਿਨਾਂ ਬਾਅਦ ਵਾਰਦਾਤ ਦਾ ਮੁੱਖ ਦੋਸ਼ੀ ਵਿਕਾਸ ਦੁਬੇ ਦਾ ਇਕ ਸਾਥੀ ਬੁੱਧਵਾਰ ਦੀ ਸਵੇਰ ਨੂੰ ਹਮੀਰਪੁਰ ਜ਼ਿਲ੍ਹੇ ਵਿਚ ਉੱਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ ਨਾਲ ਮੁਕਾਬਲੇ ਵਿਚ ਮਾਰਿਆ ਗਿਆ। ਵਿਕਾਸ ਦੇ ਮਾਰੇ ਗਏ ਸਾਥੀ ਦਾ ਨਾਮ ਅਮਰ ਦੁਬੇ ਸੀ, ਜੋ ਕਿ ਹਮੀਰਪੁਰ ਦੇ ਮੌਦਹਾ ਵਿਚ ਪੁਲਸ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਗਿਆ।ਅਮਰ ਦੁਬੇ ਨੂੰ ਵਿਕਾਸ ਦੁਬੇ ਦਾ ਸੱਜਾ ਹੱਥ ਕਿਹਾ ਜਾਂਦਾ ਸੀ। ਪੁਲਸ ਮੁਤਾਬਕ ਅਮਰ ਦੁਬੇ, ਵਿਕਾਸ ਦੁਬੇ ਨਾਲ ਕਾਨਪੁਰ ਦੇ ਬਿਕਰੂ ਪਿੰਡ 'ਚ ਹੋਏ ਗੋਲੀਬਾਰੀ ਕਾਂਡ ਵਿਚ ਸ਼ਾਮਲ ਸੀ। ਅਮਰ ਨੇ ਹੀ ਵਿਕਾਸ ਅਤੇ ਉਸ ਦੇ ਹੋਰ ਸਾਥੀਆਂ ਨਾਲ ਮਿਲ ਕੇ ਬਿਕਰੂ ਪਿੰਡ 'ਚ ਘਾਤ ਲਾ ਕੇ ਪੁਲਸ ਟੀਮ 'ਤੇ ਗੋਲੀਬਾਰੀ ਕੀਤੀ ਸੀ। ਇਸ ਘਟਨਾ 'ਚ 8 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ। ਇਸ ਪੁਲਸ ਕਤਲਕਾਂਡ ਮਗਰੋਂ ਹੀ ਦੋਸ਼ੀ ਬਦਮਾਸ਼ਾਂ ਦੀ ਪੁਲਸ ਭਾਲ ਕਰ ਰਹੀ ਹੈ। ਅਮਰ ਦੁਬੇ 'ਤੇ 25 ਹਜ਼ਾਰ ਰੁਪਏ ਦੇ ਇਨਾਮ ਦਾ ਵੀ ਐਲਾਨ ਕੀਤਾ ਗਿਆ ਸੀ। ਘਟਨਾ ਤੋਂ ਬਾਅਦ ਅਮਰ, ਵਿਕਾਸ ਨਾਲ ਫ਼ਰਾਰ ਹੋ ਗਿਆ ਸੀ।
ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ : ਵਿਕਾਸ ਦੁਬੇ ਦੇ ਸਾਥੀ ਅਮਰ ਦੁਬੇ ਨੂੰ ਪੁਲਸ ਨੇ ਕੀਤਾ ਢੇਰ
ਦੱਸਿਆ ਜਾ ਰਿਹਾ ਹੈ ਕਿ ਅਮਰ ਦੁਬੇ ਹਮੀਰਪੁਰ ਦੇ ਮੌਦਹਾ ਇਲਾਕੇ ਵਿਚ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਸ਼ਰਨ ਲੈਣ ਦੇ ਇਰਾਦੇ ਨਾਲ ਆਇਆ ਸੀ। ਇਸ ਤੋਂ ਪਹਿਲਾਂ ਉਸ ਨੇ ਹਰਿਆਣਾ ਦੇ ਫਰੀਦਾਬਾਦ 'ਚ ਸ਼ਰਨ ਲਈ ਸੀ। ਅਮਰ ਦੁਬੇ ਬਾਰੇ ਸਪੈਸ਼ਲ ਟਾਸਕ ਫੋਰਸ ਨੂੰ ਸੂਹ ਲੱਗੀ ਸੀ ਅਤੇ ਉਸ ਨੂੰ ਘੇਰ ਕੇ ਆਤਮਸਮਰਪਣ ਕਰਨ ਲਈ ਕਿਹਾ ਗਿਆ ਸੀ। ਇਸ ਦੌਰਾਨ ਦੁਬੇ ਨੇ ਦੌੜਨ ਦੀ ਨਾਕਾਮ ਕੋਸ਼ਿਸ਼ ਕਰਦੇ ਹੋਏ ਗੋਲੀਬਾਰੀ ਕੀਤੀ ਅਤੇ ਕ੍ਰਾਸ ਫਾਈਰਿੰਗ 'ਚ ਪੁਲਸ ਨੇ ਉਸ ਨੂੰ ਢੇਰ ਕਰ ਦਿੱਤਾ।
ਇਹ ਵੀ ਪੜ੍ਹੋ : ਪੁਲਸ ਕਤਲਕਾਂਡ: ਵਿਕਾਸ ਦੁਬੇ 'ਤੇ ਹੁਣ ਢਾਈ ਲੱਖ ਰੁਪਏ ਦਾ ਇਨਾਮ
ਹਾਲਾਂਕਿ ਇਸ ਗੰਭੀਰ ਵਾਰਦਾਤ ਦਾ ਮੁਖੀ ਦੋਸ਼ੀ ਢਾਈ ਲੱਖ ਰੁਪਏ ਦਾ ਇਨਾਮੀ ਬਦਮਾਸ਼ ਵਿਕਾਸ ਦੁਬੇ ਅਜੇ ਵੀ ਪੁਲਸ ਗ੍ਰਿਫ਼ਤ ਤੋਂ ਬਾਹਰ ਹੈ। ਉਸ ਦੀ ਭਾਲ 'ਚ ਪੁਲਸ ਦੀਆਂ ਕਈ ਟੀਮਾਂ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਦਿੱਲੀ ਅਤੇ ਹਰਿਆਣਾ ਦੀ ਹਰ ਉਸ ਅਦਾਲਤ 'ਤੇ ਨਜ਼ਰ ਰੱਖੀ ਜਾ ਰਹੀ ਹੈ, ਜਿੱਥੇ ਵਿਕਾਸ ਦੁਬੇ ਦੇ ਆਤਮਸਮਰਪਣ ਕਰਨ ਦਾ ਸ਼ੱਕ ਹੈ।
ਦੱਸ ਦੇਈਏ ਕਿ ਮੰਗਲਵਾਰ ਰਾਤ ਕਾਨਪੁਰ ਦੇ ਸੀਨੀਅਰ ਪੁਲਸ ਅਧਿਕਾਰੀ ਦਿਨੇਸ਼ ਕੁਮਾਰ ਪ੍ਰਭੂ ਨੇ ਬਿਕਰੂ ਪਿੰਡ ਵਿਚ 8 ਪੁਲਸ ਮੁਲਾਜ਼ਮਾਂ ਦਾ ਕਤਲ ਕਰਨ ਮਗਰੋਂ ਸਵਾਲਾਂ ਦੇ ਘੇਰੇ 'ਚ ਆਏ ਚੌਬੇਪੁਰ ਥਾਣੇ 'ਚ ਤਾਇਨਾਤ ਸਾਰੇ 68 ਪੁਲਸ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਸ਼ੁਰੂਆਤੀ ਜਾਂਚ 'ਚ ਪਾਇਆ ਗਿਆ ਹੈ ਕਿ ਥਾਣੇ ਵਿਚ ਤਾਇਨਾਤ ਕਈ ਪੁਲਸ ਸਬ-ਇੰਸਪੈਕਟਰ, ਹੈੱਡ ਕਾਂਸਟੇਬਲ ਅਤੇ ਕਾਂਸਟੇਬਲ ਬਦਮਾਸ਼ ਦੁਬੇ ਲਈ ਮੁਖਬਰੀ ਕਰ ਰਹੇ ਸਨ। ਇਸ ਤੋਂ ਪਹਿਲਾਂ ਪੁਲਸ ਨੇ ਬਿਕਰੂ ਕਾਂਡ ਮਾਮਲੇ ਵਿਚ ਵਿਕਾਸ ਦੀ ਇਕ ਕਰੀਬੀ ਰਿਸ਼ਤੇਦਾਰ ਸ਼ਮਾ, ਵਿਕਾਸ ਦੇ ਗੁਆਂਢ ਸੁਰੇਸ਼ ਵਰਮਾ ਅਤੇ ਨੌਕਰਾਣੀ ਰੇਖਾ ਨੂੰ ਗ੍ਰਿਫ਼ਤਾਰ ਕਰ ਲਿਆ। ਰੇਖਾ ਬੀਤੇ ਐਤਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਵਿਕਾਸ ਦੇ ਗੁਰਗੇ ਦਯਾਸ਼ੰਕਰ ਅਗਨੀਹੋਤਰੀ ਦੀ ਪਤਨੀ ਹੈ।