ਕੰਨਿਆ ਪੂਜਨ ਦੌਰਾਨ ਅੱਗ ਲੱਗਣ ਨਾਲ ਬੱਚੀ ਦੀ ਮੌਤ, ਯੋਗੀ ਨੇ ਦਿੱਤੇ ਜਾਂਚ ਦੇ ਆਦੇਸ਼
Monday, Oct 07, 2019 - 02:48 PM (IST)

ਓਨਾਵ— ਜ਼ਿਲੇ ਦੇ ਮਾਂਖੀ ਥਾਣਾ ਖੇਤਰ ਦੇ ਨਿਸਪੰਸਰੀ ਪਿੰਡ 'ਚ ਨੌਰਾਤਿਆਂ ਦੇ ਆਖਰੀ ਦਿਨ ਸੋਮਵਾਰ ਨੂੰ ਕੰਨਿਆ ਪੂਜਨ ਦੌਰਾਨ ਪੂਜਾ ਕਰਦੇ ਸਮੇਂ ਅੱਗ ਲੱਗ ਗਈ, ਜਿਸ ਨਾਲ ਇਕ ਬੱਚੀ ਦੀ ਮੌਤ ਹੋ ਗਈ। ਅੱਗ 'ਚ 2 ਹੋਰ ਬੱਚੀਆਂ ਬੁਰੀ ਤਰ੍ਹਾਂ ਨਾਲ ਝੁਲਸ ਗਈਆਂ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਨਿਸਪੰਸਰੀ 'ਚ ਕੰਨਿਆ ਭੋਜਨ ਦੌਰਾਨ ਅੱਗ ਲੱਗਣ ਦੀ ਘਟਨਾ 'ਚ ਇਕ ਬੱਚੀ ਦੀ ਮੌਤ 'ਤੇ ਡੂੰਘਾ ਦੁਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਲਈ 2 ਲੱਖ ਰੁਪਏ ਦੀ ਆਰਥਿਕ ਮਦਦ ਦਾ ਵੀ ਐਲਾਨ ਕੀਤਾ ਹੈ। ਜ਼ਖਮੀ ਬੱਚਿਆਂ ਨੂੰ ਇਲਾਜ ਲਈ ਸੀ.ਐੱਚ.ਸੀ. ਅਤੇ ਮ੍ਰਿਤਕ ਬੱਚੀ ਨੂੰ ਪੋਸਟਮਾਰਟਮ ਲਈ ਜ਼ਿਲਾ ਹਸਪਤਾਲ ਭੇਜਿਆ ਗਿਆ ਹੈ। ਜ਼ਿਲੇ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਥਾਣਾ ਮੁਖੀ ਮਾਂਖੀ ਰਾਜਬਹਾਦਰ ਨੇ ਦੱਸਿਆ ਕਿ ਥਾਣਾ ਖੇਤਰ ਦੇ ਪੂਰਾ ਨਿਸਪੰਸਰੀ ਵਾਸੀ ਸੁਨੀਲ ਨੇ ਨੌਰਾਤਿਆਂ ਦੇ ਆਖਰੀ ਦਿਨ ਘਰ 'ਤੇ ਕੰਨਿਆ ਪੂਜਨ ਆਯੋਜਿਤ ਕੀਤਾ ਸੀ। ਇਸੇ ਦੌਰਾਨ ਘਰ ਦੇ ਬਾਹਰ ਬਣੀ ਕਰਿਆਨੇ ਦੀ ਦੁਕਾਨ 'ਤੇ ਅਚਾਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਲੈ ਲਿਆ। ਕਰਿਆਨੇ ਦੀ ਦੁਕਾਨ ਨਾਲ ਜੁੜੇ ਘਰ 'ਤੇ ਹੀ ਕੰਨਿਆ ਪੂਜਨ ਦਾ ਆਯੋਜਨ ਸੀ। ਅੱਗ ਦੀ ਲਪੇਟ 'ਚ ਆ ਕੇ ਇਕ ਬੱਚੀ ਪੂਜਾ (7) ਦੀ ਮੌਤ ਹੋ ਗਈ। ਹਾਦਸੇ 'ਚ ਖੁਸ਼ੀ (10) ਅਤੇ ਮਿਸ਼ਟੀ (4) ਝੁਲਸ ਗਈਆਂ ਹਨ। ਦੋਹਾਂ ਨੂੰ ਇਲਾਜ ਲਈ ਸੀ.ਐੱਚ.ਸੀ. 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਲਖਨਊ 'ਚ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੇ ਅੱਗ ਲੱਗਣ ਦੀ ਘਟਨਾ 'ਚ ਇਕ ਬੱਚੀ ਦੀ ਮੌਤ 'ਤੇ ਡੂੰਘਾ ਦੁਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕ ਬੱਚੀ ਦੇ ਪਰਿਵਾਰ ਵਾਲਿਆਂ ਲਈ 2 ਲੱਖ ਰੁਪਏ ਦੀ ਆਰਥਿਕ ਮਦਦ ਦਾ ਵੀ ਐਲਾਨ ਕੀਤਾ ਹੈ। ਯੋਗੀ ਨੇ ਹਾਦਸੇ 'ਚ ਜ਼ਖਮੀ ਬੱਚੀਆਂ ਦੇ ਇਲਾਜ ਲਈ ਜ਼ਿਲਾ ਪ੍ਰਸ਼ਾਸਨ ਨੂੰ ਆਦੇਸ਼ ਦਿੱਤੇ ਹਨ।