''BJP ਜੁਆਇਨ ਕਰ ਲਓ, ਤੁਸੀਂ ਵੀ...'', ਕੰਗਨਾ ਰਣੌਤ ਦੀ ਰਾਹੁਲ ਗਾਂਧੀ ਨੂੰ ਸਲਾਹ
Thursday, Dec 04, 2025 - 05:25 PM (IST)
ਨਵੀਂ ਦਿੱਲੀ- ਕੇਂਦਰ ਸਰਕਾਰ ਅਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵਿਚਕਾਰ ਵਿਦੇਸ਼ੀ ਮਹਿਮਾਨਾਂ ਨੂੰ ਲੈ ਕੇ ਸ਼ੁਰੂ ਹੋਈ ਬਹਿਸ ਨੇ ਇੱਕ ਨਵਾਂ ਮੋੜ ਲੈ ਲਿਆ ਹੈ। ਇਸ ਮੁੱਦੇ 'ਤੇ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਰਾਹੁਲ ਗਾਂਧੀ ਨੂੰ ਸਿੱਧੇ ਤੌਰ 'ਤੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਸਲਾਹ ਦੇ ਦਿੱਤੀ ਹੈ। ਦਰਅਸਲ ਰਾਹੁਲ ਗਾਂਧੀ ਨੇ ਦੋਸ਼ ਲਾਇਆ ਸੀ ਕਿ ਮੋਦੀ ਸਰਕਾਰ ਅਤੇ ਵਿਦੇਸ਼ ਮੰਤਰਾਲਾ ਵਿਦੇਸ਼ੀ ਮਹਿਮਾਨਾਂ ਨੂੰ ਵਿਰੋਧੀ ਧਿਰ ਦੇ ਨੇਤਾ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੰਦੇ ਹਨ, ਜਦੋਂ ਕਿ ਇਹ ਪਰੰਪਰਾ ਅਟਲ ਬਿਹਾਰੀ ਵਾਜਪਾਈ ਅਤੇ ਡਾ. ਮਨਮੋਹਨ ਸਿੰਘ ਦੀਆਂ ਸਰਕਾਰਾਂ ਦੌਰਾਨ ਜਾਰੀ ਰਹੀ ਸੀ।
ਕੰਗਨਾ ਰਣੌਤ ਦੀ ਤਿੱਖੀ ਪ੍ਰਤੀਕਿਰਿਆ
ਰਾਹੁਲ ਗਾਂਧੀ ਦੇ ਇਨ੍ਹਾਂ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਕੰਗਨਾ ਰਣੌਤ ਨੇ ਨਿਊਜ਼ ਏਜੰਸੀ ਏ.ਐੱਨ.ਆਈ. ਨੂੰ ਕਿਹਾ ਕਿ ਸਰਕਾਰ ਦੇ ਆਪਣੇ ਫੈਸਲੇ ਹੁੰਦੇ ਹਨ। ਕੰਗਨਾ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਟਲ ਜੀ 'ਨੈਸ਼ਨਲ ਅਸੈਟਸ' ਸਨ ਅਤੇ ਪੂਰੇ ਦੇਸ਼ ਨੂੰ ਉਨ੍ਹਾਂ 'ਤੇ ਮਾਣ ਸੀ।
ਹਾਲਾਂਕਿ ਉਨ੍ਹਾਂ ਨੇ ਰਾਹੁਲ ਗਾਂਧੀ ਦੀ ਦੇਸ਼ ਪ੍ਰਤੀ ਭਾਵਨਾਵਾਂ 'ਤੇ ਸਖ਼ਤ ਸ਼ੱਕ ਜ਼ਾਹਰ ਕੀਤਾ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਦੇਸ਼ ਪ੍ਰਤੀ ਭਾਵਨਾਵਾਂ ਕਾਫ਼ੀ ਸ਼ੱਕੀ ਹਨ, ਖਾਸ ਕਰਕੇ ਜਦੋਂ ਗੱਲ ਅੰਤਰਰਾਸ਼ਟਰੀ ਸਾਜ਼ਿਸ਼ਾਂ ਦੀ ਹੋਵੇ, ਚਾਹੇ ਉਹ ਦੰਗੇ ਫੈਲਾਉਣਾ ਹੋਵੇ ਜਾਂ ਦੇਸ਼ ਦੇ ਟੁਕੜੇ ਕਰਨ ਦੀ ਸਾਜ਼ਿਸ਼ ਹੋਵੇ।
'ਤੁਸੀਂ ਵੀ ਵਾਜਪਾਈ ਬਣ ਸਕਦੇ ਹੋ'
ਜਦੋਂ ਰਾਹੁਲ ਗਾਂਧੀ ਵੱਲੋਂ ਵਾਜਪਾਈ ਦਾ ਜ਼ਿਕਰ ਕਰਨ ਬਾਰੇ ਪੁੱਛਿਆ ਗਿਆ ਤਾਂ ਕੰਗਨਾ ਨੇ ਉਨ੍ਹਾਂ ਨੂੰ ਇੱਕ ਹੈਰਾਨ ਕਰਨ ਵਾਲੀ ਸਲਾਹ ਦਿੱਤੀ: "ਜੇ ਰਾਹੁਲ ਗਾਂਧੀ ਆਪਣੇ ਆਪ ਨੂੰ ਅਟਲ ਜੀ ਨਾਲ ਤੁਲਨਾ ਕਰ ਰਹੇ ਹਨ ਤਾਂ ਮੇਰਾ ਇੱਕੋ ਇੱਕ ਸੁਝਾਅ ਰਹੇਗਾ ਕਿ ਤੁਸੀਂ ਬੀਜੇਪੀ ਜੁਆਇਨ ਕਰ ਲਓ। ਕੰਗਨਾ ਰਣੌਤ ਨੇ ਕਿਹਾ ਭਗਵਾਨ ਨੇ ਤੁਹਾਨੂੰ ਜਨਮ ਦਿੱਤਾ ਹੈ, ਜੀਵਨ ਦਿੱਤਾ ਹੈ। ਆਪ ਵੀ ਅਟਲ ਜੀ ਬਣ ਸਕਦੇ ਹਨ, ਆਪ ਬੀਜੇਪੀ ਜੁਆਇਨ ਕਰ ਲਓ" ।
ਕੀ ਸੀ ਰਾਹੁਲ ਗਾਂਧੀ ਦਾ ਦੋਸ਼?
ਰਾਹੁਲ ਗਾਂਧੀ ਨੇ ਆਪਣੇ ਬਿਆਨ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਯਾਤਰਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਵਿਦੇਸ਼ੀ ਮਹਿਮਾਨ ਆਉਂਦਾ ਹੈ, ਤਾਂ ਸਰਕਾਰ ਉਨ੍ਹਾਂ ਨੂੰ ਵਿਰੋਧੀ ਧਿਰ ਦੇ ਨੇਤਾ ਨਾਲ ਨਾ ਮਿਲਣ ਦੀ ਸਲਾਹ ਦਿੰਦੀ ਹੈ, ਜਦੋਂ ਕਿ ਵਿਰੋਧੀ ਧਿਰ ਦਾ ਇੱਕ ਵੱਖਰਾ ਦ੍ਰਿਸ਼ਟੀਕੋਣ ਹੁੰਦਾ ਹੈ ਅਤੇ ਉਹ ਵੀ ਭਾਰਤ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਅਤੇ ਵਿਦੇਸ਼ ਮੰਤਰਾਲਾ ਅਜਿਹੇ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਇਸ ਦੌਰਾਨ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਰਾਹੁਲ ਗਾਂਧੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਲੋਕਤੰਤਰ ਵਿੱਚ ਦੇਸ਼ ਵਿੱਚ ਆਉਣ ਵਾਲੇ ਮਹਿਮਾਨ ਨੂੰ ਵਿਰੋਧੀ ਧਿਰ ਦੇ ਨੇਤਾ ਨਾਲ ਮਿਲਣ ਦੀ ਇਜਾਜ਼ਤ ਦੇਣਾ ਚੰਗਾ ਹੈ।
