ਜੂਸ ਦੀ ਮਸ਼ੀਨ ਬਣੀ ਮੌਤ ਦਾ ‘ਕਾਲ’, ਬੱਚੀ ਨੂੰ ਘੁੰਮਾ ਕੇ ਸੜਕ ’ਤੇ ਸੁੱਟਿਆ

02/24/2021 3:42:54 PM

ਹਿਸਾਰ (ਬਿਊਰੋ)— ਹਰਿਆਣਾ ਦੇ ਹਿਸਾਰ ਜ਼ਿਲ੍ਹੇ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇਕ ਜੂਸ ਦੀ ਮਸ਼ੀਨ ਦੀ ਲਪੇਟ ’ਚ ਆਉਣ ਕਰ ਕੇ 10 ਸਾਲ ਦੀ ਬੱਚੀ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਧਾਂਸੂ ਰੋਡ ਸਥਿਤ ਬਾਬਾ ਰਾਮਦੇਵ ਮੰਦਰ ਨੇੜੇ ਸੋਮਵਾਰ ਨੂੰ ਮੇਲਾ ਲੱਗਾ ਹੋਇਆ ਸੀ, ਜਿਸ ਦੌਰਾਨ ਇਹ ਘਟਨਾ ਵਾਪਰੀ। ਗੰਭੀਰ ਰੂਪ ਨਾਲ ਜ਼ਖਮੀ ਬੱਚੀ ਨੂੰ ਉਸ ਦੇ ਪਰਿਵਾਰ ਵਾਲੇ ਧਾਂਸੂ ਦੇ ਇਕ ਹਸਪਤਾਲ ਵਿਚ ਲੈ ਕੇ ਪਹੁੰਚੇ ਸਨ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਕਰ ਦਿੱਤਾ। ਜਾਣਕਾਰੀ ਮੁਤਾਬਕ ਬੱਚੀ ਆਪਣੇ ਤਾਏ ਨਾਲ ਮੇਲਾ ਵੇਖਣ ਆਈ ਸੀ। ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਇਸ ਘਟਨਾ ਦੇ ਸਬੰਧ ਵਿਚ ਚਸ਼ਮਦੀਦਾਂ ਅਤੇ ਪਰਿਵਾਰ ਦੇ ਬਿਆਨ ਦਰਜ ਕੀਤੇ ਹਨ। ਪੋਸਟਮਾਰਟਮ ਮਗਰੋਂ ਬੱਚੀ ਦੀ ਲਾਸ਼, ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।

ਮੇਲੇ ’ਚ ਡਿਊਟੀ ’ਤੇ ਤਾਇਨਾਤ ਫ਼ੌਜੀ ਨੇ ਦੱਸਿਆ ਕਿ ਦੁਪਹਿਰ ਕਰੀਬ ਇਕ ਵਜੇ ਧਾਂਸੂ ਰੋਡ ’ਤੇ ਬਾਬਾ ਰਾਮਦੇਵ ਦੇ ਮੇਲੇ ਦੌਰਾਨ ਮਿਰਜ਼ਾਪੁਰ ਵਾਸੀ 10 ਸਾਲਾ ਬੱਚੀ ਜੂਸ ਦੀ ਰੇਹੜੀ ਨੇੜੇ ਸੜਕ ਕਿਨਾਰੇ ਖੜ੍ਹੀ ਸੀ। ਉਸ ਦੌਰਾਨ ਉੱਥੇ ਇਕ ਰੋਡਵੇਜ਼ ਬੱਸ ਆਉਣ ’ਤੇ ਉਹ ਘਬਰਾ ਕੇ ਦੌੜਨ ਲੱਗੀ ਤਾਂ ਗੰਨੇ ਦੀ ਜੂਸ ਦੀ ਰੇਹੜੀ ਨਾਲ ਟਕਰਾ ਗਈ। ਜੂਸ ਦੇ ਰੇਹੜੀ ਲਾਉਣ ਵਾਲੇ ਰਾਕੇਸ਼ ਨੇ ਦੱਸਿਆ ਕਿ ਬੱਚੀ ਦੇ ਕੱਪੜੇ ਮਸ਼ੀਨ ’ਚ ਫਸ ਗਏ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਉਸ ਦੌਰਾਨ ਮਸ਼ੀਨ ਨੇ ਬੱਚੀ ਨੂੰ ਘੁੰਮਾ ਕੇ ਸੜਕ ’ਤੇ ਜ਼ੋਰ ਨਾਲ ਸੁੱਟਿਆ, ਜਿਸ ਕਾਰਨ ਬੱਚੀ ਦੀ ਗਰਦਨ ਪੂਰੀ ਤਰ੍ਹਾਂ ਮੁੜ ਗਈ। ਬੱਚੀ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੀ ਨੂੰ ਮਿ੍ਰਤਕ ਐਲਾਨ ਕਰ ਦਿੱਤਾ। 


Tanu

Content Editor

Related News