ਲੱਡੂ ਖਾਣ ਮਗਰੋਂ ਵਿਗੜੀ ਲੇਡੀ ਜੱਜ ਦੀ ਤਬੀਅਤ, ਦੁਕਾਨਦਾਰ ''ਤੇ ਪਰਚਾ

Thursday, Aug 15, 2024 - 05:52 PM (IST)

ਲੱਡੂ ਖਾਣ ਮਗਰੋਂ ਵਿਗੜੀ ਲੇਡੀ ਜੱਜ ਦੀ ਤਬੀਅਤ, ਦੁਕਾਨਦਾਰ ''ਤੇ ਪਰਚਾ

ਲਖਨਊ :  ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿਚ ਇੱਕ ਮਹਿਲਾ ਵਧੀਕ ਜ਼ਿਲ੍ਹਾ ਜੱਜ (ਏ.ਡੀ.ਜੇ.) ਦੀ ਤਬੀਅਤ ਬੂੰਦੀ ਦੇ ਲੱਡੂ ਖਾਣ ਨਾਲ ਵਿਗੜ ਗਈ। ਹਾਲਾਤ ਅਜਿਹੇ ਬਣ ਗਏ ਕਿ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਉਹ ਕਰੀਬ ਇੱਕ ਹਫ਼ਤੇ ਤੱਕ ਹਸਪਤਾਲ ਵਿੱਚ ਦਾਖ਼ਲ ਰਹੀ। ਹਾਲਾਂਕਿ, ਕੁਝ ਦਿਨਾਂ ਦੇ ਇਲਾਜ ਤੋਂ ਬਾਅਦ ਜੱਜ ਠੀਕ ਹੋ ਗਈ। ਇਸ ਤੋਂ ਬਾਅਦ ਹੁਣ ਖਰਾਬ ਲੱਡੂ ਵੇਚਣ ਵਾਲੇ ਦੁਕਾਨਦਾਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਰਾ ਮਾਮਲਾ ਲਖਨਊ ਦੇ ਗੋਮਤੀ ਨਗਰ ਸਥਿਤ ਇੱਕ ਮਸ਼ਹੂਰ ਮਿਠਾਈ ਦੀ ਦੁਕਾਨ ਨਾਲ ਸਬੰਧਤ ਹੈ, ਜਿਸ ਖ਼ਿਲਾਫ਼ ਮਹਿਲਾ ਵਧੀਕ ਜ਼ਿਲ੍ਹਾ ਜੱਜ ਨੇ ਐੱਫਆਈਆਰ ਦਰਜ ਕਰਵਾਈ ਹੈ। ਏਡੀਜੇ ਦਾ ਨਾਂ ਮੰਜੁਲਾ ਸਰਕਾਰ ਹੈ। ਖਰਾਬ ਬੂੰਦੀ ਦੇ ਲੱਡੂ ਖਾ ਕੇ ਉਹ ਬੀਮਾਰ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।

ਦੱਸਿਆ ਜਾ ਰਿਹਾ ਹੈ ਕਿ ਏਡੀਜੇ 8 ਦਿਨਾਂ ਤੱਕ ਹਸਪਤਾਲ ਵਿੱਚ ਦਾਖਲ ਰਹੀ। ਉਸ ਦੀ ਹਾਲਤ ਵਿਚ ਸੁਧਾਰ ਹੋਣ ਤੋਂ ਬਾਅਦ ਹੀ ਉਹ ਘਰ ਪਰਤ ਸਕੀ। ਜੱਜ ਦੇ ਨਾਲ-ਨਾਲ ਉਸ ਦੀ ਭੈਣ ਵੀ ਮਠਿਆਈ ਖਾ ਕੇ ਬੀਮਾਰ ਹੋ ਗਈ। ਘਰ ਵਿੱਚ ਕੰਮ ਕਰਨ ਵਾਲੀ ਨੌਕਰਾਣੀ ਦੀ ਸਿਹਤ ਵੀ ਵਿਗੜ ਗਈ ਸੀ। ਪਰ ਜੱਜ ਦੀ ਹਾਲਤ ਜ਼ਿਆਦਾ ਵਿਗੜ ਗਈ ਸੀ।

ਏਡੀਜੇ ਮੰਜੁਲਾ ਸਰਕਾਰ ਨੇ ਇੱਕ ਮਸ਼ਹੂਰ ਮਿਠਾਈ ਦੀ ਦੁਕਾਨ ਤੋਂ ਬੂੰਦੀ ਦੇ ਲੱਡੂ ਮੰਗਵਾਏ ਸਨ, ਪਰ ਇਨ੍ਹਾਂ ਨੂੰ ਖਾਣ ਤੋਂ ਬਾਅਦ ਉਹ ਬਿਮਾਰ ਹੋ ਗਈ। ਉਸ ਦੀ ਭੈਣ ਮਧੁਲਿਕਾ ਅਤੇ ਨੌਕਰਾਣੀ ਅਨੀਤਾ ਦੀ ਸਿਹਤ ਵੀ ਵਿਗੜ ਗਈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਇਸ ਮਾਮਲੇ ਸਬੰਧੀ ਐੱਸਐੱਚਓ ਗੋਮਤੀ ਨਗਰ ਨੇ ਦੱਸਿਆ ਕਿ ਏਡੀਜੇ ਵੱਲੋਂ 31 ਜੁਲਾਈ ਨੂੰ ਐੱਫਆਈਆਰ ਦਰਜ ਕਰਵਾਈ ਗਈ ਸੀ। ਅਦਾਲਤ ਵਿੱਚ ਹੀ ਫੂਡ ਪੁਆਇਜ਼ਨਿੰਗ ਦੇ ਕਾਰਨ ਚੱਕਰ ਖਾ ਕੇ ਡਿੱਗ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਫਿਲਹਾਲ, ਉਸ ਨੂੰ ਛੁੱਟੀ ਦੇ ਦਿੱਤੀ ਗਈ ਹੈ। ਫਿਲਹਾਲ ਇਸ ਮਾਮਲੇ 'ਚ ਧਾਰਾ 271 ਅਤੇ 275 ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Baljit Singh

Content Editor

Related News