ਕੇਂਦਰੀ ਮੰਤਰੀ ਜਤਿੰਦਰ ਨੇ ਭਾਰਤ ਦੇ ਪਹਿਲੇ ਜਲਵਾਯੂ ਪਰਿਵਰਤਨ ਕੇਂਦਰ ਦਾ ਕੀਤਾ ਉਦਘਾਟਨ
Wednesday, Apr 09, 2025 - 01:27 PM (IST)

ਜੰਮੂ- ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿਚ ਭਾਰਤ ਦੇ ਪਹਿਲੇ ਜਲਵਾਯੂ ਪਰਿਵਰਤਨ ਕੇਂਦਰ ਦਾ ਉਦਘਾਟਨ ਕੀਤਾ। ਜੰਮੂ ਕੇਂਦਰੀ ਯੂਨੀਵਰਸਿਟੀ ਦੇ 'ਹਿਮਾਲੀਅਨ ਹਾਈ ਐਲਟੀਟਿਊਡ ਵਾਯੂਮੰਡਲ ਅਤੇ ਜਲਵਾਯੂ ਖੋਜ ਕੇਂਦਰ' ਦਾ ਉਦੇਸ਼ ਹਿਮਾਲੀਅਨ ਖੇਤਰ ਵਿਚ ਵਾਯੂਮੰਡਲ ਅਤੇ ਜਲਵਾਯੂ ਘਟਨਾਵਾਂ ਦਾ ਅਧਿਐਨ ਕਰਨਾ ਹੈ।
ਅਧਿਕਾਰਤ ਬੁਲਾਰੇ ਨੇ ਕਿਹਾ ਕਿ ਇਹ ਪਹਿਲਕਦਮੀ ਜਲਵਾਯੂ ਪਰਿਵਰਤਨ ਅਤੇ ਵਾਤਾਵਰਣ 'ਤੇ ਇਸਦੇ ਪ੍ਰਭਾਵਾਂ ਬਾਰੇ ਸਾਡੀ ਸਮਝ ਨੂੰ ਵਧਾਏਗੀ। ਕੇਂਦਰੀ ਮੰਤਰੀ ਸਿੰਘ ਨੇ ਚੇਨਾਨੀ ਤਹਿਸੀਲ ਦੇ ਮੰਡਲੋਟੇ ਪਿੰਡ ਵਿਚ ਕੇਂਦਰ ਦਾ ਉਦਘਾਟਨ ਕੀਤਾ। ਉਨ੍ਹਾਂ ਦੇ ਨਾਲ ਜੰਮੂ-ਕਸ਼ਮੀਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਸਤੀਸ਼ ਸ਼ਰਮਾ ਵੀ ਮੌਜੂਦ ਸਨ।
ਜਤਿੰਦਰ ਸਿੰਘ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ 'ਚ ਕਿਹਾ ਕਿ ਧਰਤੀ ਵਿਗਿਆਨ ਮੰਤਰਾਲੇ ਵੱਲੋਂ ਹਿਮਾਲੀਅਨ ਖੇਤਰ 'ਚ ਭਾਰਤ ਦੇ ਪਹਿਲੇ ਅਤੇ ਦੁਨੀਆ ਦੇ ਦੂਜੇ ਜਲਵਾਯੂ ਪਰਿਵਰਤਨ ਕੇਂਦਰ ਦਾ ਉਦਘਾਟਨ ਕਰਨ ਲਈ ਊਧਮਪੁਰ ਜ਼ਿਲ੍ਹੇ ਦੇ ਨਾਥਾਟਾਪ ਪਹੁੰਚਿਆ। ਕੇਂਦਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਵੱਡੀ ਗਿਣਤੀ 'ਚ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।