ਅੱਤਵਾਦੀ ਹਮਲੇ ''ਚ ਮਾਰੇ ਗਏ ਬੱਸ ਕੰਡਕਟਰ ਦੀ ਭੈਣ ਨੂੰ LG ਨੇ ਸੌਂਪਿਆ ਨਿਯੁਕਤੀ ਪੱਤਰ
Thursday, Mar 27, 2025 - 03:17 PM (IST)

ਜੰਮੂ- ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ (LG) ਮਨੋਜ ਸਿਨਹਾ ਨੇ ਰਿਆਸੀ ਜ਼ਿਲ੍ਹੇ 'ਚ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਬੱਸ ਕੰਡਕਟਰ ਅਰਜੁਨ ਸ਼ਰਮਾ ਦੀ ਭੈਣ ਰੇਨੂੰ ਨੂੰ ਵੀਰਵਾਰ ਨੂੰ ਨੌਕਰੀ ਦਾ ਨਿਯੁਕਤੀ ਪੱਤਰ ਸੌਂਪਿਆ। ਬੱਸ ਕੰਡਕਟਰ ਅਰਜੁਨ ਸ਼ਰਮਾ ਦੀ ਭੈਣ ਰੇਨੂੰ ਨੇ ਵੀਰਵਾਰ ਨੂੰ ਇਕ ਰਿਸ਼ਤੇਦਾਰ ਨਾਲ ਰਾਜ ਭਵਨ ਵਿਚ ਉੱਪ ਰਾਜਪਾਲ ਤੋਂ ਨਿਯੁਕਤੀ ਪੱਤਰ ਪ੍ਰਾਪਤ ਕੀਤਾ। ਉੱਪ ਰਾਜਪਾਲ ਨੇ ਭਰੋਸਾ ਦਿੱਤਾ ਕਿ ਮ੍ਰਿਤਕ ਕੰਡਕਟਰ ਦੇ ਪਰਿਵਾਰ ਨੂੰ ਜੰਮੂ-ਕਸ਼ਮੀਰ ਪ੍ਰਸ਼ਾਸਨ ਤੋਂ ਹਰ ਸੰਭਵ ਮਦਦ ਅਤੇ ਸਮਰਥਨ ਮਿਲੇਗਾ।
ਦੱਸ ਦੇਈਏ ਕਿ ਪਿਛਲੇ ਸਾਲ 9 ਜੂਨ ਨੂੰ ਸ਼ਿਵ ਖੋੜੀ ਮੰਦਰ ਤੋਂ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਜਾ ਰਹੀ 53 ਸੀਟਾਂ ਵਾਲੀ ਬੱਸ 'ਤੇ ਅੱਤਵਾਦੀਆਂ ਵਲੋਂ ਕੀਤੀ ਗਈ ਗੋਲੀਬਾਰੀ ਵਿਚ 9 ਲੋਕ ਮਾਰੇ ਗਏ ਸਨ ਅਤੇ 41 ਹੋਰ ਜ਼ਖ਼ਮੀ ਹੋ ਗਏ ਸਨ। ਹਮਲੇ ਕਾਰਨ ਤੀਰਥ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਤੇਰਯਾਥ ਪਿੰਡ ਨੇੜੇ ਸੜਕ ਤੋਂ ਡੂੰਘੀ ਖੱਡ 'ਚ ਡਿੱਗ ਗਈ। ਇਸ ਬੱਸ ਵਿਚ ਕੰਡਕਟਰ ਦੇ ਰੂਪ ਵਿਚ ਕੰਮ ਕਰਨ ਵਾਲੇ ਅਰਜੁਨ ਸ਼ਰਮਾ ਰਿਆਸੀ ਦੇ ਵਸਨੀਕ ਸਨ।