ਚੇਤ ਦੇ ਨਰਾਤਿਆਂ ਨੂੰ ਲੈ ਕੇ ਸੱਜ ਕੇ ਤਿਆਰ ਹੋਇਆ ਵੈਸ਼ਨੋ ਦੇਵੀ ਭਵਨ
Sunday, Mar 30, 2025 - 10:21 AM (IST)

ਕਟੜਾ (ਅਮਿਤ)- ਚੇਤ ਦੇ ਨਰਾਤਿਆਂ ਨੂੰ ਲੈ ਕੇ ਵੈਸ਼ਨੋ ਦੇਵੀ ਭਵਨ ਸੱਜ ਕੇ ਤਿਆਰ ਹੋ ਗਿਆ ਹੈ। ਨਰਾਤੇ ਐਤਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਗਏ ਹਨ। ਇਸ ਸਬੰਧੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਵੈਸ਼ਨੋ ਦੇਵੀ ਭਵਨ ਦੀ ਸਜਾਵਟ ਦਾ ਕੰਮ ਲਗਭਗ ਪੂਰਾ ਹੋ ਗਿਆ ਹੈ। ਵੈਸ਼ਨੋ ਦੇਵੀ ਭਵਨ ਵਿਖੇ ਹੋਣ ਵਾਲੇ ਸ਼ਤ ਚੰਡੀ ਮਹਾਯੱਗ ਦੀਆਂ ਤਿਆਰੀਆਂ ਵੀ ਪੂਰੀਆਂ ਹੋ ਗਈਆਂ ਹਨ। ਬੇਸ ਕੈਂਪ ਕਟੜਾ ’ਚ ਮੁੱਖ ਥਾਵਾਂ ’ਤੇ ਗੇਟਾਂ ਦੀ ਉਸਾਰੀ ਦਾ ਕੰਮ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ ਸ਼ਹਿਰ ਦੇ ਮੁੱਖ ਚੌਕ ’ਚ ਦੁਰਗਾ ਪੂਜਾ ਲਈ ਪੰਡਾਲ ਦੀ ਉਸਾਰੀ ਦਾ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ। ਅਗਲੇ 9 ਦਿਨਾਂ ਤੱਕ ਇਸ ਪੰਡਾਲ ’ਚ ਮੰਤਰਾਂ ਦੇ ਜਾਪ ਨਾਲ ਮਾਂ ਭਗਵਤੀ ਦੀ ਪੂਜਾ ਕੀਤੀ ਜਾਵੇਗੀ।
ਸੁਰੱਖਿਆ ਲਈ ਵੀ ਵਿਸ਼ੇਸ਼ ਪ੍ਰਬੰਧ
ਨਰਾਤਿਆਂ ਦੌਰਾਨ ਮਾਂ ਭਗਵਤੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਜੰਮੂ-ਕਸ਼ਮੀਰ ਪੁਸਸ ਅਤੇ ਸੀ. ਆਰ. ਪੀ. ਐੱਫ. ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਕੋਨੇ-ਕੋਨੇ ’ਤੇ ਜਵਾਨਾਂ ਦੀ ਤਾਇਨਾਤੀ ਦੇ ਨਾਲ ਹੀ ਸੀ. ਸੀ. ਟੀ.ਵੀ. ਵੀ. ਕੈਮਰਿਆਂ ਰਾਹੀਂ ਹਰ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਵੈਸ਼ਨੋ ਦੇਵੀ ਯਾਤਰਾ ਦੇ ਰੂਟ ਦੀ ਗੱਲ ਕਰੀਏ ਤਾਂ ਸ਼ਰਧਾਲੂਆਂ ਨੂੰ ਲੋੜੀਂਦੀ ਜਾਂਚ ਤੋਂ ਬਾਅਦ ਹੀ ਯਾਤਰਾ ਰੂਟ ਤੇ ਅੱਗੇ ਵਧਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਪੁਲਸ ਨੇ ਵੈਸ਼ਨੋ ਦੇਵੀ ਭਵਨ ਵਿਖੇ ਚੈੱਕ ਪੋਸਟਾਂ ਸਥਾਪਤ ਕੀਤੀਆਂ ਹਨ । ਸ਼ਰਧਾਲੂਆਂ ਦੇ ਨਾਲ ਹੀ ਘੋੜਾ ਗੱਡੀਆਂ ਦੇ ਚਾਲਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਟੜਾ ਨੂੰ ਜਾਣ ਵਾਲੀ ਸੜਕ ’ਤੇ ਪੁਲਸ ਨਾਕਿਆਂ ’ਤੇ ਹਰ ਵਾਹਨ ਨੂੰ ਲੋੜੀਂਦੀ ਜਾਂਚ ਤੋਂ ਬਾਅਦ ਹੀ ਕਟੜਾ ’ਚ ਦਾਖਲ ਹੋਣ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਦੇ ਕੱਪੜਿਆਂ ’ਚ ਸਿਪਾਹੀ ਭੀੜ ਵਾਲੀਆਂ ਥਾਵਾਂ ’ਤੇ ਨਜ਼ਰ ਰੱਖ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8