ਲਾਲੂ ਯਾਦਵ ਨੂੰ ਮਿਲੀ ਵੱਡੀ ਰਾਹਤ, ਝਾਰਖੰਡ ਹਾਈ ਕੋਰਟ ਨੇ ਦਿੱਤੀ ਜ਼ਮਾਨਤ
Friday, Apr 22, 2022 - 03:13 PM (IST)
ਰਾਂਚੀ (ਵਾਰਤਾ)- ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਨੂੰ ਵੱਡੀ ਰਾਹਤ ਮਿਲੀ ਹੈ। ਬੀਮਾਰੀਆਂ ਅਤੇ ਸਜ਼ਾ ਇਕੱਠੀ ਝੱਲ ਰਹੇ ਲਾਲੂ ਨੂੰ ਇਹ ਰਾਹਤ ਝਾਰਖੰਡ ਹਾਈ ਕੋਰਟ ਤੋਂ ਮਿਲੀ ਹੈ। ਝਾਰਖੰਡ ਹਾਈ ਕੋਰਟ ਨੇ ਡੋਰੰਡਾ ਖਜ਼ਾਨਾ ਮਾਮਲੇ 'ਚ ਸਜ਼ਾ ਕੱਟ ਰਹੇ ਆਰ.ਜੇ.ਡੀ. ਸੁਪਰੀਮੋ ਲਾਲੂ ਪ੍ਰਸਾਦ ਨੂੰ ਜ਼ਮਾਨਤ ਦੇ ਦਿੱਤੀ ਹੈ। ਝਾਰਖੰਡ ਹਾਈ ਕੋਰਟ ਨੇ ਲਾਲੂ ਨੂੰ 10 ਲੱਖ ਰੁਪਏ ਦੇ ਨਿੱਜੀ ਮੁਚਲਕੇ 'ਤੇ ਜ਼ਮਾਨਤ ਦਿੱਤੀ ਹੈ। ਅਦਾਲਤ ਨੇ ਸੀ.ਬੀ.ਆਈ. ਦੀ ਉਸ ਦਲੀਲ ਨੂੰ ਖਾਰਜ ਕਰ ਦਿੱਤਾ, ਜਿਸ 'ਚ ਕਿਹਾ ਗਿਆ ਸੀ ਕਿ ਲਾਲੂ ਨੇ ਡੋਰੰਡਾ ਖਜ਼ਾਨਾ ਤੋਂ ਗੈਰ-ਕਾਨੂੰਨੀ ਨਿਕਾਸੀ ਨਾਲ ਜੁੜੇ ਮਾਮਲੇ 'ਚ ਅੱਧੀ ਸਜ਼ਾ ਪੂਰੀ ਨਹੀਂ ਕੀਤੀ ਹੈ। ਲਾਲੂ ਨੂੰ ਡੋਰੰਡਾ ਖਜ਼ਾਨਾ ਤੋਂ ਗੈਰ-ਕਾਨੂੰਨੀ ਨਿਕਾਸੀ ਨਾਲ ਜੁੜੇ ਮਾਮਲੇ 'ਚ ਹਾਈ ਕੋਰਟ ਤੋਂ ਜ਼ਮਾਨਤ ਮਿਲੀ। ਇਸ ਤੋਂ ਪਹਿਲਾਂ ਚਾਰ ਹੋਰ ਮਾਮਲਿਆਂ 'ਚ ਲਾਲੂ ਨੂੰ ਜ਼ਮਾਨਤ ਮਿਲ ਚੁਕੀ ਹੈ। ਫਿਲਹਾਲ ਨਿਆਇਕ ਹਿਰਾਸਤ 'ਚ ਉਨ੍ਹਾਂ ਦਾ ਇਲਾਜ ਦਿੱਲੀ ਦੇ ਏਮਜ਼ 'ਚ ਚੱਲ ਰਿਹਾ ਹੈ। ਸਜ਼ਾ ਸੁਣਾਏ ਜਾਣ ਤੋਂ ਬਾਅਦ ਲਾਲੂ ਦੀ ਰਿਮਜ਼ 'ਚ ਸਿਹਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਲਿਆਂਦਾ ਗਿਆ ਸੀ। ਉਦੋਂ ਤੋਂ ਨਿਆਇਕ ਹਿਰਾਸਤ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਸ ਤੋਂ ਇਲਾਵਾ ਪਟਨਾ 'ਚ ਵੀ ਚਾਰਾ ਘਪਲੇ ਦਾ ਇਕ ਮੁਕੱਦਮਾ ਵਿਚਾਰ ਅਧੀਨ ਹੈ, ਜਿਸ 'ਚ ਲਾਲੂ ਦੋਸ਼ੀ ਹਨ। ਇਸ ਤੋਂ ਪਹਿਲਾਂ ਅਦਾਲਤ ਨੇ ਸਹੁੰ ਪੱਤਰ ਦਾਇਰ ਕਰ ਕੇ ਸੀ.ਬੀ.ਆਈ. ਵਲੋਂ ਕਿਹਾ ਗਿਆ ਸੀ ਕਿ ਡੋਰੰਡਾ ਖਜ਼ਾਨਾ ਤੋਂ ਗੈਰ-ਕਾਨੂੰਨੀ ਨਿਕਾਸੀ ਨਾਲ ਜੁੜੇ ਮਾਮਲੇ 'ਚ ਲਾਲੂ ਦੀ ਅੱਧੀ ਸਜ਼ਾ ਹਾਲੇ ਤੱਕ ਪੂਰੀ ਨਹੀਂ ਹੋਈ ਹੈ, ਅਜਿਹੀ ਸਥਿਤੀ 'ਚ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਜਾਣੀ ਉੱਚਿਤ ਨਹੀਂ ਹੋਵੇਗਾ। ਲਾਲੂ ਦੀ ਜ਼ਮਾਨਤ ਪਟੀਸ਼ਨ ਨੂੰ ਸੁਣਵਾਈ ਲਈ ਹਾਈ ਕੋਰਟ ਦੇ ਜਸਟਿਸ ਅਪਰੇਸ਼ ਕੁਮਾਰ ਸਿੰਘ ਦੀ ਅਦਾਲਤ 'ਚ ਸੂਚੀਬੱਧ ਕੀਤਾ ਗਿਆ ਸੀ। ਸੁਣਵਾਈ ਤੋਂ ਬਾਅਦ ਸੀ.ਬੀ.ਆਈ. ਦੀ ਦਲੀਲ ਖਾਰਜ ਕਰ ਦਿੱਤੀ ਗਈ। ਦੱਸਣਯੋਗ ਹੈ ਕਿ ਬਹੁ ਚਰਚਿਤ ਚਾਰਾ ਘਪਲਾ ਦੇ ਸਭ ਤੋਂ ਵੱਡੇ ਮਾਮਲੇ 'ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਲਾਲੂ ਨੂੰ ਦੋਸ਼ੀ ਮੰਨਦੇ ਹੋਏ 5 ਸਾਲ ਦੀ ਸਜ਼ਾ ਸੁਣਾਈ ਹੈ। ਲਾਲੂ ਵਲੋਂ ਸਜ਼ਾ ਖ਼ਿਲਾਫ਼ ਹਾਈ ਕੋਰਟ 'ਚ ਅਪੀਲ ਪਟੀਸ਼ਨ ਦਾਇਰ ਕੀਤੀ ਗਈ ਸੀ। ਨਾਲ ਹੀ ਜ਼ਮਾਨਤ ਪਟੀਸ਼ਨ ਵੀ ਦਾਇਰ ਕੀਤੀ ਗਈ ਸੀ, ਜਿਸ 'ਚ ਅਦਾਲਤ ਨੇ ਮਨਜ਼ੂਰ ਕਰ ਲਿਆ।