ਬਲੱਡ ਬੈਂਕ ਤੋਂ ਖੂਨ ਨਹੀਂ ਮਿਲਿਆ ਤਾਂ ਖੁਦ ਸਿਹਤ ਮੰਤਰੀ ਨੇ ਕੀਤਾ ਖੂਨਦਾਨ

02/15/2020 10:58:51 AM

ਰਾਂਚੀ— ਝਾਰਖੰਡ ਦੇ ਸਿਹਤ ਮੰਤਰੀ ਬੰਨਾ ਗੁਪਤਾ ਵੀਰਵਾਰ ਨੂੰ ਰਾਜੇਂਦਰ ਇੰਸਟੀਚਿਊਟ ਆਫ ਮੈਡੀਕਲ ਸਾਇੰਸੇਜ (ਰਿਮਸ) ਦਾ ਨਿਰੀਖਣ ਕਰਨ ਪੁੱਜੇ। ਇੱਥੇ ਪਹੁੰਚਣ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਪਿਛਲੇ 9 ਦਿਨਾਂ ਤੋਂ ਭਰਤੀ ਇਕ ਬਜ਼ੁਰਗ ਔਰਤ ਦਾ ਇਲਾਜ ਬਲੱਡ ਬੈਂਕ 'ਚ ਖੂਨ ਦੀ ਕਮੀ ਹੋਣ ਕਾਰਨ ਨਹੀਂ ਹੋ ਪਾ ਰਿਹਾ ਹੈ। ਬਜ਼ੁਰਗ ਔਰਤ ਦੇ ਪਤੀ ਨੇ ਮੰਤਰੀ ਨੂੰ ਦੱਸਿਆ ਕਿ ਜਦੋਂ ਉਹ ਬਲੱਡ ਬੈਂਕ ਖੂਨ ਲੈਣ ਗਏ ਤਾਂ ਦੱਸਿਆ ਗਿਆ ਕਿ ਖੂਨ ਲੈਣ ਦੇ ਬਦਲੇ ਡੋਨੇਟ ਕਰਨਾ ਹੋਵੇਗਾ।

ਸਿਹਤ ਮੰਤਰੀ ਨੂੰ ਬਲੱਡ ਬੈਂਕ 'ਚ ਦੇਖ ਕੇ ਕਰਮਚਾਰੀਆਂ ਦੇ ਉੱਡੇ ਹੋਸ਼ 
ਬਜ਼ੁਰਗ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਤੱਕ ਕਈ ਲੋਕਾਂ ਤੋਂ ਬਲੱਡ ਡੋਨੇਟ ਕਰਨ ਦੀ ਅਪੀਲ ਕੀਤੀ ਹੈ ਪਰ ਕੋਈ ਤਿਆਰ ਨਹੀਂ ਹੋਇਆ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਸਿਹਤ ਮੰਤਰੀ ਨੇ ਖੁਦ ਹੀ ਬਲੱਡ ਡੋਨੇਟ ਕਰਨ ਦਾ ਫੈਸਲਾ ਕੀਤਾ। ਸਿਹਤ ਮੰਤਰੀ ਬਜ਼ੁਰਗ ਨਾਲ ਬਲੱਡ ਦੇਣ ਲਈ ਬਲੱਡ ਬੈਂਕ ਪੁੱਜੇ। ਖੁਦ ਸਿਹਤ ਮੰਤਰੀ ਨੂੰ ਬਲੱਡ ਬੈਂਕ 'ਚ ਦੇਖ ਕੇ ਕਰਮਚਾਰੀਆਂ ਦੇ ਹੋਸ਼ ਉੱਡ ਗਏ। ਮੰਤਰੀ ਨੇ ਬਲੱਡ ਡੋਨੇਟ ਕਰ ਕੇ ਉੱਥੇ ਮੌਜੂਦ ਲੋਕਾਂ ਨੂੰ ਜ਼ਰੂਰਤਮੰਦਾਂ ਨੂੰ ਬਲੱਡ ਡੋਨੇਟ ਕਰਨ ਦੀ ਅਪੀਲ ਕੀਤੀ।

ਟਵਿੱਟਰ 'ਤੇ ਵੀ ਸ਼ੇਅਰ ਕੀਤੀ ਵੀਡੀਓ
ਇਸ ਪੂਰੀ ਘਟਨਾ ਦਾ ਵੀਡੀਓ ਉਨ੍ਹਾਂ ਨੇ ਟਵਿੱਟਰ 'ਤੇ ਵੀ ਸ਼ੇਅਰ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਦੀ ਚਾਰੇ ਪਾਸੇ ਤਾਰੀਫ਼ ਹੋ ਰਹੀ ਹੈ। ਦੱਸਣਯੋਗ ਹੈ ਕਿ ਝਾਰਖੰਡ 'ਚ ਨਵੀਂ ਚੁਣੀ ਹੇਮੰਤ ਸੋਰੇਨ ਦੀ ਸਰਕਾਰ 'ਚ ਬੰਨਾ ਗੁਪਤਾ ਕਾਂਗਰਸ ਕੋਟੇ ਦੇ ਮੰਤਰੀ ਬਣੇ ਹਨ। ਬੰਨਾ ਨੂੰ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਰਿਮਸ 'ਚ ਔਸਤਨ 50 ਲੋਕ ਰੋਜ਼ ਖੂਨਦਾਨ ਕਰਦੇ ਹਨ
ਰਿਮਸ ਦੇ ਡਿਪਟੀ ਮੈਡੀਕਲ ਸੁਪਰਡੈਂਟ ਸੰਜੇ ਕੁਮਾਰ ਸਿੰਘ ਨੇ ਕਿਹਾ ਕਿ ਸਿਹਤ ਮੰਤਰੀ ਬੰਨਾ ਗੁਪਤਾ ਨੇ ਮਰੀਜ਼ ਨੂੰ ਆਪਣਾ ਖੂਨ ਦੇ ਕੇ ਹਰ ਕਿਸੇ ਨੂੰ ਖੂਨਦਾਨ ਕਰਨ ਦੀ ਪ੍ਰੇਰਨਾ ਦਿੱਤੀ ਹੈ। ਰਿਮਸ 'ਚ ਔਸਤਨ 50 ਲੋਕ ਰੋਜ਼ ਖੂਨਦਾਨ ਕਰਦੇ ਹਨ, ਜਦਕਿ ਖਪਤ 120-150 ਯੂਨਿਟ ਬਲੱਡ ਦੀ ਹੁੰਦੀ ਹੈ। ਖੂਨ ਦੀ ਕਮੀ ਕਾਰਨ ਸ਼ੀਲਾ ਦੇਵੀ ਨੂੰ ਡੋਨਰ ਦਾ ਇੰਤਜ਼ਾਮ ਕਰਨ ਲਈ ਕਿਹਾ ਗਿਆ ਸੀ।


DIsha

Content Editor

Related News