ਲੱਦਾਖ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਝਾਰਖੰਡ ਨੇ ਵੀ ਗੁਆਇਆ ਫ਼ੌਜੀ ਵੀਰ

05/28/2022 5:13:07 PM

ਰਾਂਚੀ— ਲੱਦਾਖ 'ਚ ਸ਼ੁੱਕਰਵਾਰ ਨੂੰ ਫੌਜ ਦੇ ਜਵਾਨਾਂ ਨੂੰ ਲੈ ਕੇ ਜਾ ਰਿਹਾ ਇਕ ਵਾਹਨ ਸੜਕ ਤੋਂ ਫਿਸਲ ਕੇ ਸ਼ਿਓਕ ਨਦੀ 'ਚ ਡਿੱਗ ਗਿਆ, ਜਿਸ 'ਚ ਝਾਰਖੰਡ ਨੇ ਵੀ ਇਕ ਸਪੂਤ ਨੂੰ ਗੁਆ ਦਿੱਤਾ ਹੈ। ਇਸ ਹਾਦਸੇ 'ਚ ਹਜ਼ਾਰੀਬਾਗ ਦੇ ਜਵਾਨ ਸੰਦੀਪ ਕੁਮਾਰ ਪਾਲ ਸਮੇਤ ਹੋਰ ਜਵਾਨ ਸ਼ਹੀਦ ਹੋ ਗਏ। ਫੌਜ ਵੱਲੋਂ ਇਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਸ਼ਨੀਵਾਰ ਸਵੇਰ ਤੋਂ ਹੀ ਮ੍ਰਿਤਕ ਜਵਾਨ ਦੇ ਘਰ ਸੋਗ ਜ਼ਾਹਰ ਕਰਨ ਵਾਲਿਆਂ ਦਾ ਤਾਂਤਾ ਲੱਗਾ ਹੈ।

ਮਿਲੀ ਜਾਣਕਾਰੀ ਮੁਤਾਬਕ 32 ਸਾਲਾ ਭਾਰਤੀ ਥਲ ਸੈਨਾ ਦਾ ਨਾਇਕ ਸੰਦੀਪ ਕੁਮਾਰ ਦੇ ਦੋ ਭਰਾ ਅਤੇ ਦੋ ਭੈਣਾਂ ਹਨ। ਉਸਦਾ ਵੱਡਾ ਭਰਾ ਛਪਾਈ ਦਾ ਕੰਮ ਕਰਦਾ ਹੈ ਅਤੇ ਦੋਵੇਂ ਭੈਣਾਂ ਵਿਆਹੀਆਂ ਹੋਈਆਂ ਹਨ। ਉਸ ਦੀ ਮਾਂ ਦੀ ਮੌਤ ਪਿਛਲੇ ਸਾਲ 2020 ’ਚ ਕੋਰੋਨਾ ਕਾਲ ’ਚ ਹੋਈ ਸੀ। ਸੰਦੀਪ ਸਾਲ 2013 ਵਿਚ ਭਾਰਤੀ ਫੌਜ ’ਚ ਭਰਤੀ ਹੋਇਆ ਸੀ ਪਰ ਸਿਰਫ 9 ਸਾਲਾਂ ਵਿਚ ਹੀ ਦੇਸ਼ ਦੀ ਸੇਵਾ ਕਰਦੇ ਹੋਏ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ।

ਬਹੁਤ ਹੀ ਗ਼ਰੀਬ ਪਰਿਵਾਰ ’ਚੋਂ ਸੰਘਰਸ਼ ਕਰ ਕੇ ਦੇਸ਼ ਸੇਵਾ ਦੇ ਜਜ਼ਬੇ ਨਾਲ ਭਾਰਤੀ ਫੌਜ ’ਚ ਭਰਤੀ ਹੋਇਆ ਸੰਦੀਪ ਅਜੇ ਕੁਆਰਾ ਸੀ। ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਸਵੇਰ ਤੋਂ ਹੀ ਸ਼ਹੀਦ ਸੰਦੀਪ ਦੇ ਘਰ ਸੋਗ ਜ਼ਾਹਰ ਕਰਨ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ। ਸਥਾਨਕ ਵਿਧਾਇਕ ਮਨੀਸ਼ ਜੈਸਵਾਲ ਨੇ ਵੀ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਉਹ ਵਿਛੜੀ ਆਤਮਾ ਨੂੰ ਸ਼ਾਂਤੀ ਦੇਣ ਅਤੇ ਉਨ੍ਹਾਂ ਦੇ ਦੁਖੀ ਪਰਿਵਾਰਾਂ ਨੂੰ ਇਹ ਦੁੱਖ ਸਹਿਣ ਦਾ ਬਲ ਬਖ਼ਸ਼ੇ।


Tanu

Content Editor

Related News