ਲਾਪਤਾ ਜਹਾਜ਼ ਦਾ ਨਹੀਂ ਲੱਗਾ ਕੋਈ ਸੁਰਾਗ, ਜਲ ਸੈਨਾ ਦੀ ਖੋਜ ਮੁਹਿੰਮ ਜਾਰੀ
Sunday, Aug 25, 2024 - 05:38 PM (IST)
ਜਮਸ਼ੇਦਪੁਰ- ਝਾਰਖੰਡ ਦੇ ਜਮਸ਼ੇਦਪੁਰ ਤੋਂ 20 ਅਗਸਤ ਨੂੰ ਉਡਾਣ ਭਰਨ ਤੋਂ ਬਾਅਦ ਲਾਪਤਾ ਹੋਏ ਸਿਖਲਾਈ ਜਹਾਜ਼ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਸ਼ੁੱਕਰਵਾਰ ਨੂੰ ਚੌਥੇ ਦਿਨ ਵੀ ਡੈਮ 'ਚ ਇਸ ਦੀ ਭਾਲ ਜਾਰੀ ਰਹੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਦੋ ਸੀਟਾਂ ਵਾਲੇ ਜਹਾਜ਼ 'ਚ ਸਵਾਰ ਟਰੇਨੀ ਪਾਇਲਟ ਅਤੇ 'ਪਾਇਲਟ-ਇਨ-ਕਮਾਂਡ ਕੈਪਟਨ' ਦੀਆਂ ਲਾਸ਼ਾਂ ਵੀਰਵਾਰ ਨੂੰ ਚਾਂਡਿਲ ਡੈਮ 'ਚ ਮਿਲੀਆਂ। ਚਾਂਡਿਲ ਉਪ ਮੰਡਲ ਅਧਿਕਾਰੀ ਸ਼ੁਭਰਾ ਰਾਣੀ ਨੇ ਦੱਸਿਆ ਕਿ ਲਾਪਤਾ ਸੇਸਨਾ-152 ਜਹਾਜ਼ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਭਾਰਤੀ ਜਲ ਸੈਨਾ ਦੀ ਟੀਮ ਨੇ ਵੀਰਵਾਰ ਨੂੰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਸ਼ੁੱਕਰਵਾਰ ਨੂੰ ਵੀ ਮੁਹਿੰਮ ਜਾਰੀ ਰੱਖੀ ਪਰ ਸਫਲਤਾ ਨਹੀਂ ਮਿਲੀ। ਪਹਿਲੇ ਦਿਨ ਸਥਾਨਕ ਅਧਿਕਾਰੀਆਂ ਅਤੇ ਜੰਗਲਾਤ ਵਿਭਾਗ ਨੇ ਜਹਾਜ਼ ਦੀ ਭਾਲ ਕੀਤੀ, ਜਦਕਿ 21 ਅਗਸਤ ਨੂੰ ਇਹ ਕੰਮ NDRF ਟੀਮ ਨੂੰ ਸੌਂਪਿਆ ਗਿਆ।
ਸਰਾਏਕਲਾ-ਖਰਸਾਵਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਬੇਨਤੀ 'ਤੇ ਵਿਸ਼ਾਖਾਪਟਨਮ ਤੋਂ ਆਈ ਜਲ ਸੈਨਾ ਦੀ ਟੀਮ ਨੇ ਲਾਪਤਾ ਜਹਾਜ਼ ਦਾ ਪਤਾ ਲਗਾਉਣ ਲਈ ਚਾਂਡਿਲ ਡੈਮ ਜਲ ਭੰਡਾਰ 'ਚ ਫਿਰ ਤੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਹੈ। 'ਸੇਸਨਾ-152' ਸਿਖਲਾਈ ਜਹਾਜ਼ ਅਲਕੇਮਿਸਟ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦਾ ਸੀ। ਕੰਪਨੀ ਦੇ ਜਨਰਲ ਮੈਨੇਜਰ ਰਬੀ ਭੂਸ਼ਣ ਪਾਠਕ ਨੇ ਕਿਹਾ ਕਿ ਜਲ ਸੈਨਾ ਦੇ ਜਵਾਨਾਂ ਨੇ ਖੋਜ ਮੁਹਿੰਮ ਲਈ ਡੈਮ ਦੇ ਇਕ ਖਾਸ ਖੇਤਰ ਦੀ ਨਿਸ਼ਾਨਦੇਹੀ ਕੀਤੀ ਹੈ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਟਰੇਨੀ ਪਾਇਲਟ ਸ਼ੁਭਰੋਦੀਪ ਦੱਤਾ ਅਤੇ 'ਪਾਇਲਟ-ਇਨ-ਕਮਾਂਡ ਕੈਪਟਨ' ਜੀਤ ਸਤਰੂ ਆਨੰਦ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਦੱਤਾ ਜਮਸ਼ੇਦਪੁਰ ਨੇੜੇ ਆਦਿਤਿਆਪੁਰ ਦਾ ਰਹਿਣ ਵਾਲਾ ਸੀ।
ਪਾਠਕ ਨੇ ਦੱਸਿਆ ਕਿ ਕੈਪਟਨ ਸਤਰੂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਅੰਤਿਮ ਸੰਸਕਾਰ ਲਈ ਪਟਨਾ ਲੈ ਗਏ। ਜਹਾਜ਼ ਮੰਗਲਵਾਰ ਨੂੰ ਸੋਨਾਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਲਾਪਤਾ ਹੋ ਗਿਆ ਸੀ, ਜਿਸ ਤੋਂ ਬਾਅਦ ਡੈਮ ਭੰਡਾਰ ਸਮੇਤ ਆਲੇ-ਦੁਆਲੇ ਦੇ ਖੇਤਰਾਂ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ਸੀ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਜਹਾਜ਼ ਜਲ ਭੰਡਾਰ ਵਿਚ ਕ੍ਰੈਸ਼ ਹੋ ਗਿਆ।