ਨਕਾਬਪੋਸ਼ ਬਦਮਾਸ਼ਾਂ ਨੇ ਪਹਿਲਾਂ ਸ਼ੋਅ ਰੂਮ ''ਚ ਲੁੱਟੇ ਗਹਿਣੇ, ਫਿਰ ਮਾਲਕ ਨੂੰ ਮਾਰ ''ਤੀ ਗੋਲੀ

Friday, May 02, 2025 - 06:27 PM (IST)

ਨਕਾਬਪੋਸ਼ ਬਦਮਾਸ਼ਾਂ ਨੇ ਪਹਿਲਾਂ ਸ਼ੋਅ ਰੂਮ ''ਚ ਲੁੱਟੇ ਗਹਿਣੇ, ਫਿਰ ਮਾਲਕ ਨੂੰ ਮਾਰ ''ਤੀ ਗੋਲੀ

ਆਗਰਾ- ਆਗਰਾ ਦੇ ਥਾਣਾ ਸਿਕੰਦਰਾ ਖੇਤਰ ਦੇ ਕਾਰਗਿਲ ਚੌਰਾਹੇ 'ਤੇ ਬਾਲਾਜੀ ਜਿਊਲਰਜ਼ ਸ਼ੋਅ ਰੂਮ 'ਚ ਬਦਮਾਸ਼ਾਂ ਨੇ ਧਾਵਾ ਬੋਲ ਦਿੱਤਾ। ਬਦਮਾਸ਼ਾਂ ਨੇ ਸ਼ੋਅ ਰੂਮ ਦੇ ਮਾਲਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਆਗਰਾ ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੂਤਰਾਂ ਮੁਤਾਬਕ ਦਿਨ-ਦਿਹਾੜੇ ਸੁਨਿਆਰੇ ਦੇ ਸ਼ੋਅ ਰੂਮ ਵਿਚ ਦੋ ਬਦਮਾਸ਼ਾਂ ਨੇ ਲੁੱਟ ਅਤੇ ਕਤਲ ਦੀ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ।

ਬਦਮਾਸ਼ਾਂ ਨੇ ਪਹਿਲਾਂ ਬਾਲਾਜੀ ਜਿਊਲਰਜ਼ ਦੇ ਸ਼ੋਅ ਰੂਮ ਵਿਚ ਲੁੱਟ-ਖੋਹ ਕੀਤੀ ਅਤੇ ਉਸ ਤੋਂ ਬਾਅਦ ਮਾਲਕ ਯੋਗੇਸ਼ ਚੌਧਰੀ (55) ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸ਼ਰੇਆਮ ਲੁੱਟ ਅਤੇ ਕਤਲ ਦੀ ਵਾਰਦਾਤ ਮਗਰੋਂ ਬਦਮਾਸ਼ ਫ਼ਰਾਰ ਹੋ ਗਏ। ਸ਼ੋਅ ਰੂਮ 'ਤੇ ਕੰਮ ਕਰਨ ਵਾਲੀ ਕਰਮਚਾਰੀ ਰੇਨੂੰ ਨੇ ਕਿਹਾ ਕਿ ਨਕਾਬਪੋਸ਼ ਦੋ ਬਦਸ਼ਾਮ ਸ਼ੋਅ ਰੂਮ ਦੇ ਅੰਦਰ ਆਏ। ਦੋਵਾਂ ਦੇ ਹੱਥਾਂ 'ਚ ਹਥਿਆਰ ਸਨ। ਇਕ ਨੇ ਕਿਹਾ ਕਿ ਜੇਕਰ ਰੌਲਾ ਪਾਇਆ ਤਾਂ ਗੋਲੀ ਮਾਰ ਦੇਵਾਂਗਾ ਅਤੇ ਫਿਰ ਦੋਵਾਂ ਬਦਮਾਸ਼ਾਂ ਨੇ ਸੋਨੇ ਅਤੇ ਚਾਂਦੀ ਦੇ ਗਹਿਣੇ ਲੁੱਟ ਲਏ।

ਇਸ ਦਰਮਿਆਨ ਸ਼ੋਅ ਰੂਮ ਦੇ ਬਾਹਰ ਮਾਲਕ ਯੋਗੇਸ਼ ਚੌਧਰੀ ਆ ਗਏ। ਯੋਗੇਸ਼ ਚੌਧਰੀ ਨੇ ਸਕੂਟਰ ਖੜ੍ਹਾ ਕੀਤਾ ਅਤੇ ਬਦਮਾਸ਼ਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਸ਼ਹਿਰ ਖੇਤਰ ਦੇ ਡੀ. ਸੀ. ਪੀ. ਸੋਨਮ ਕੁਮਾਰ ਨੇ ਦੱਸਿਆ ਕਿ ਦੁਪਹਿਰ 12 ਵਜੇ ਲੁੱਟ ਦੀ ਇਹ ਵਾਰਦਾਤ ਵਾਪਰੀ। ਘਟਨਾ ਸੀ. ਸੀ. ਟੀ. ਵੀ. ਵਿਚ ਰਿਕਾਰਡ ਹੋ ਗਈ ਹੈ ਅਤੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਰਿਕਾਰਡ ਵੀਡੀਓ ਨੂੰ ਖੰਗਾਲਿਆ ਜਾ ਰਿਹਾ ਹੈ। ਡੀ. ਸੀ. ਪੀ. ਨੇ ਕਿਹਾ ਕਿ ਬਦਮਾਸ਼ਾਂ ਨੂੰ ਫੜ੍ਹਨ ਲਈ ਕਈ ਟੀਮਾਂ ਲਾ ਦਿੱਤੀਆਂ ਗਈਆਂ ਹਨ। ਇਸ ਦੀ ਜਾਣਕਾਰੀ ਅਜੇ ਨਹੀਂ ਹੈ ਕਿ ਸ਼ੋਅ ਰੂਮ ਵਿਚ ਕਿੰਨੇ ਰੁਪਏ ਦੇ ਗਹਿਣਿਆਂ ਦੀ ਲੁੱਟ ਹੋਈ ਹੈ।


author

Tanu

Content Editor

Related News