ਪਾਕਿਸਤਾਨ ਦੀ ਅਦਾਲਤ ’ਚ 2 ਗਵਾਹਾਂ ਦਾ ਗੋਲੀ ਮਾਰ ਕੇ ਕਤਲ
Thursday, May 01, 2025 - 03:15 AM (IST)

ਗੁਰਦਾਸਪੁਰ/ਗੁਜਰਾਂਵਾਲਾ (ਵਿਨੋਦ) - ਪਾਕਿਸਤਾਨ ਦੀ ਇਕ ਅਦਾਲਤ ਵਿਚ ਹੀ ਇਕ ਮੁਲਜ਼ਮ ਨੇ ਆਪਣੇ ਖਿਲਾਫ ਗਵਾਹੀ ਦੇਣ ਵਾਲੇ 2 ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਅੱਜ ਕਤਲ ਦੇ ਮਾਮਲੇ ’ਚ ਮੁਲਜ਼ਮ ਹਥਿਆਰ ਲੈ ਕੇ ਅਦਾਲਤ ’ਚ ਦਾਖਲ ਹੋਇਆ ਅਤੇ ਉਸ ਨੇ ਆਪਣੇ ਖਿਲਾਫ ਗਵਾਹੀ ਦੇਣ ਆਏ 2 ਲੋਕਾਂ ’ਤੇ ਗੋਲੀਬਾਰੀ ਕਰ ਦਿੱਤੀ, ਜਿਸ ਨਾਲ ਅਦਾਲਤ ਦੇ ਕਮਰੇ ਵਿਚ ਜੱਜ ਦੇ ਸਾਹਮਣੇ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਪੁਲਸ ਨੇ ਉਸ ਨੂੰ ਮੌਕੇ ’ਤੇ ਹੀ ਹਿਰਾਸਤ ’ਚ ਲੈ ਲਿਆ। ਸੂਤਰਾਂ ਅਨੁਸਾਰ ਇਹ ਘਟਨਾ ਗੁਜਰਾਂਵਾਲਾ ਦੇ ਐਡੀਸ਼ਨਲ ਸੈਸ਼ਨ ਜੱਜ ਤਾਹਿਰ ਅਸਲਮ ਦੀ ਅਦਾਲਤ ਵਿਚ ਵਾਪਰੀ, ਜਿੱਥੇ ਮਾਡਲ ਟਾਊਨ ਪੁਲਸ ਸਟੇਸ਼ਨ ਤੋਂ ਇਕ ਕਤਲ ਕੇਸ ਦੀ ਸੁਣਵਾਈ ਚੱਲ ਰਹੀ ਸੀ। ਜਾਣਕਾਰੀ ਅਨੁਸਾਰ ਸ਼ਾਕਿਬ ਅਤੇ ਅਲੀ ਬੱਟ ਗਵਾਹੀ ਦੇਣ ਲਈ ਅਦਾਲਤ ਵਿਚ ਮੌਜੂਦ ਸਨ। ਮੁਲਜ਼ਮ ਨੇ ਅਚਾਨਕ ਗੋਲੀਬਾਰੀ ਕਰ ਦਿੱਤੀ, ਜਿਸ ਨਾਲ ਸ਼ਾਕਿਬ ਅਤੇ ਅਲੀ ਬੱਟ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ 2 ਹੋਰ ਆਫਤਾਬ ਅਤੇ ਉਸਮਾਨ ਜ਼ਖਮੀ ਹੋ ਗਏ।