ਪਹਿਲਗਾਮ ਹਮਲਾ; ‘ਭੇਲਪੂਰੀ ਖਾਂਦਿਆਂ ਪੁੱਛਿਆ ਮੁਸਲਿਮ ਹੋ? ਫਿਰ ਮਾਰ ''ਤੀ ਗੋਲੀ’
Wednesday, Apr 23, 2025 - 10:25 AM (IST)

ਜੰਮੂ- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਮੰਗਲਵਾਰ ਨੂੰ ਇਕ ਵੱਡਾ ਅੱਤਵਾਦੀ ਹਮਲਾ ਹੋਇਆ। ਅੱਤਵਾਦੀਆਂ ਨੇ ਸੈਲਾਨੀਆਂ ਅਤੇ ਸਥਾਨਕ ਲੋਕਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਪਹਿਲਗਾਮ ਅੱਤਵਾਦੀ ਹਮਲੇ ਦੇ ਚਸ਼ਮਦੀਦਾਂ ਨੇ ਖੌਫਨਾਕ ਘਟਨਾ ਦਾ ਵੇਰਵਾ ਦਿੱਤਾ। ਹਮਲੇ ਤੋਂ ਬਾਅਦ ਕਈ ਵੀਡੀਓ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚੋਂ ਇਕ ਵਿਚ ਇਕ ਔਰਤ ਨੇ ਦੁੱਖ ਭਰੇ ਸ਼ਬਦਾਂ ਵਿਚ ਕਿਹਾ ਕਿ ਅੱਤਵਾਦੀਆਂ ਨੇ ਉਸ ਦੇ ਪਤੀ ਨੂੰ ਗੋਲੀ ਮਾਰ ਦਿੱਤੀ। ਔਰਤ ਨੇ ਦੱਸਿਆ ਕਿ ਉਹ ਆਪਣੇ ਪਤੀ ਨਾਲ ਭੇਲਪੂਰੀ ਖਾ ਰਹੀ ਸੀ, ਜਦੋਂ ਇਕ ਅੱਤਵਾਦੀ ਆਇਆ ਅਤੇ ਪੁੱਛਿਆ ਕਿ ਕੀ ਤੁਸੀਂ ਮੁਸਲਮਾਨ ਹੋ? ਅਤੇ ਉਸ ਦੇ ਪਤੀ ਨੂੰ ਗੋਲੀ ਮਾਰ ਦਿੱਤੀ।
ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਅੱਤਵਾਦੀ ਘਟਨਾ ਸਾਹਮਣੇ ਆਈ ਹੈ। ਇਸ ਅੱਤਵਾਦੀ ਹਮਲੇ ਵਿਚ 30 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਅੱਤਵਾਦੀ ਹਮਲੇ ਵਿਚ ਦੋ ਵਿਦੇਸ਼ੀ ਨਾਗਰਿਕਾਂ ਦੀ ਵੀ ਮੌਤ ਹੋ ਗਈ।
ਮੇਰੇ ਪਤੀ ਨੂੰ ਬਚਾ ਲਓ-ਔਰਤ ਦੀ ਅਪੀਲ
ਪਹਿਲਗਾਮ ਤੋਂ ਆਈ ਤਾਜ਼ਾ ਵੀਡੀਓ ਵਿਚ ਇਕ ਔਰਤ ਸਥਾਨਕ ਲੋਕਾਂ ਨੂੰ ਆਪਣੇ ਪਤੀ ਨੂੰ ਬਚਾਉਣ ਦੀ ਅਪੀਲ ਕਰਦੀ ਨਜ਼ਰ ਆ ਰਹੀ ਹੈ। ਇਸ ਭਾਵੁਕ ਅਪੀਲ ਨੇ ਪੂਰੇ ਦੇਸ਼ ਵਿਚ ਹਮਦਰਦੀ ਦੀ ਲਹਿਰ ਪੈਦਾ ਕਰ ਦਿੱਤੀ ਹੈ।
ਅੱਤਵਾਦੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ
ਪ੍ਰਧਾਨ ਮੰਤਰੀ ਮੋਦੀ ਨੇ ਇਸ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਘਿਨਾਉਣੇ ਕੰਮ ਵਿਚ ਸ਼ਾਮਲ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਵੇਗਾ। ਅੱਤਵਾਦੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦਾ ਨਾਪਾਕ ਏਜੰਡਾ ਕਦੇ ਵੀ ਸਫਲ ਨਹੀਂ ਹੋਵੇਗਾ। ਅੱਤਵਾਦ ਨਾਲ ਲੜਨ ਦਾ ਸਾਡਾ ਇਰਾਦਾ ਦ੍ਰਿੜ ਹੈ। ਇਹ ਹੋਰ ਵੀ ਮਜ਼ਬੂਤ ਹੋ ਜਾਵੇਗਾ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਮੰਤਰੀ ਨਰਿੰਦਰ ਮੋਦੀ ਵੀ ਆਪਣੀ ਸਾਊਦੀ ਅਰਬ ਦੀ ਯਾਤਰਾ ਅਧੂਰੀ ਛੱਡ ਕੇ ਭਾਰਤ ਪਰਤ ਆਏ ਹਨ। ਭਾਰਤ ਪਰਤਦਿਆਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਏਅਰਪੋਰਟ 'ਤੇ ਹੀ ਹਾਈ ਲੈਵਲ ਮੀਟਿੰਗ ਸੱਦ ਲਈ। ਉਨ੍ਹਾਂ ਨੇ ਸਵੇਰੇ-ਸਵੇਰੇ ਮੀਟਿੰਗ ਕਰ ਕੇ ਹਮਲੇ ਬਾਰੇ ਵਿਸਥਾਰਤ ਜਾਣਕਾਰੀ ਲਈ।