ਪਤਨੀ ਦੀ ਕੋਰੋਨਾ ਨਾਲ ਮੌਤ ਤੋਂ ਬਾਅਦ ਭੜਕੇ JDU ਵਿਧਾਇਕ, ਬਿਹਾਰ ਦੇ ਸਿਹਤ ਢਾਂਚੇ ''ਤੇ ਚੁੱਕੇ ਸਵਾਲ

Tuesday, May 25, 2021 - 12:23 PM (IST)

ਪਤਨੀ ਦੀ ਕੋਰੋਨਾ ਨਾਲ ਮੌਤ ਤੋਂ ਬਾਅਦ ਭੜਕੇ JDU ਵਿਧਾਇਕ, ਬਿਹਾਰ ਦੇ ਸਿਹਤ ਢਾਂਚੇ ''ਤੇ ਚੁੱਕੇ ਸਵਾਲ

ਬਿਹਾਰ- ਕੋਰੋਨਾ ਕਾਰਨ ਆਪਣੀ ਪਤਨੀ ਨੂੰ ਗੁਆਉਣ ਵਾਲੇ ਜਨਤਾ ਦਲ (ਯੂ) ਵਿਧਾਇਕ ਅਚਮਿਤ ਰਿਸ਼ੀਦੇਵ ਨੇ ਆਪਣੀ ਹੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਰਾਣੀਗੰਜ (ਅਰਰੀਆ) ਤੋਂ ਵਿਧਾਇਕ ਨੇ ਸੂਬੇ ਦੇ ਸਿਹਤ ਮੰਤਰੀ ਮੰਗਲ ਪਾਂਡੇ ਦੇ ਪ੍ਰਤੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਇਕ ਨਿਊਜ਼ ਚੈਨਲ ਅਨੁਸਾਰ ਵਿਧਾਇਕ ਦੀ ਪਤਨੀ ਨੂੰ ਵੈਂਟੀਲੇਟਰ ਦੀ ਜ਼ਰੂਰਤ ਸੀ ਪਰ ਅਰਰੀਆ ਸਦਰ ਹਸਪਤਾਲ 'ਚ ਸਾਰੇ 6 ਵੈਂਟੀਲੇਟਰ ਬੇਕਾਰ ਪਏ ਸਨ। ਕੁਝ ਦਿਨ ਪਹਿਲਾਂ ਇਹ ਰਿਪੋਰਟ ਆਈ ਸੀ ਕਿ ਕਿਵੇਂ 6 ਵੈਂਟੀਲੇਟਰ ਜੋ ਪੀ.ਐੱਮ. ਕੇਅਰਜ਼ ਫੰਡ ਦੇ ਅਧੀਨ ਹਸਪਤਾਲ ਨੂੰ ਦਿੱਤੇ ਗਏ ਸਨ, ਉਹ ਡਾਕਟਰ ਅਤੇ ਟੈਕਨੀਸ਼ੀਅਨ ਦੀ ਕਮੀ ਕਾਰਨ ਚੱਲਦੇ ਨਹੀਂ ਸਨ।

ਇਕ ਨਿਊਜ਼ ਚੈਨਲ ਅਨੁਸਾਰ ਵਿਧਾਇਕ ਨੇ ਸਵਾਲ ਚੁੱਕਿਆ ਹੈ ਕਿ ਅਜਿਹਾ ਉਨ੍ਹਾਂ ਦੇ ਨਾਲ ਕਿਉਂ ਹੋਇਆ? ਉਨ੍ਹਾਂ ਨੇ ਆਪਣੀ ਪਰੇਸ਼ਾਨੀ ਸੁਣਾਈ ਕਿ ਕਿਵੇਂ ਉਨ੍ਹਾਂ ਦੀ ਪਤਨੀ ਨੂੰ ਅਰਰੀਆ ਸਦਰ ਹਸਪਤਾਲ 'ਚ ਇਲਾਜ ਨਹੀਂ ਮਿਲਿਆ ਅਤੇ ਉਨ੍ਹਾਂ ਨੂੰ ਫੋਬਰਸਗੰਜ ਰੈਫ਼ਰ ਕਰ ਦਿੱਤਾ ਗਿਆ। ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪਤਨੀ ਦੀ ਜਾਨ ਬਚਾਉਣ ਲਈ ਪੂਰਾ ਜ਼ੋਰ ਲਗਾ ਦਿੱਤਾ ਪਰ ਉਹ ਆਪਣੀ ਪਤਨੀ ਦੀ ਜਾਨ ਨਹੀਂ ਬਚਾ ਸਕੇ। ਰਿਸ਼ੀਦੇਵ ਨੇ ਅੱਗੇ ਕਿਹਾ ਕਿ ਜਦੋਂ ਜਨਤਾ ਦੇ ਪ੍ਰਤੀਨਿਧੀ ਨੂੰ ਇਲਾਜ ਨਹੀਂ ਮਿਲ ਪਾ ਰਿਹਾ ਹੈ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਆਮ ਆਦਮੀ ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇਗਾ। ਦੱਸਣਯੋਗ ਹੈ ਕਿ ਕੋਵਿਡ ਮਹਾਮਾਰੀ ਨਾਲ ਸੂਬੇ ਦੀ ਸਥਿਤੀ ਬਦਹਾਲ ਹੈ। ਹਾਲਾਂਕਿ ਬਿਹਾਰ 'ਚ ਕੋਰੋਨਾ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਕਮੀ ਦੇਖੀ ਗਈ ਹੈ। ਸੂਬੇ ਦੇ ਸਿਹਤ ਵਿਭਾਗ ਅਨੁਸਾਰ ਬਿਹਾਰ 'ਚ ਐਤਵਾਰ ਨੂੰ ਸਰਗਰਮ ਮਰੀਜ਼ਾਂ ਦੀ ਗਿਣਤੀ ਘੱਟ ਕੇ 40,691 ਹੋ ਗਈ। ਹਾਲਾਂਕਿ ਕੋਰੋਨਾ ਨਾਲ ਮੌਤ ਦਾ ਸਿਲਸਿਲਾ ਜਾਰੀ ਹੈ। 24 ਘੰਟਿਆਂ 'ਚ 107 ਲੋਕਾਂ ਦੀ ਮੌਤ ਹੋਈ ਹੈ।


author

DIsha

Content Editor

Related News