ਦਾਦੇ ਨੂੰ ‘ਭਾਰਤ ਰਤਨ’ ਮਿਲਦੇ ਹੀ ਜਯੰਤ ਨੇ ਕੀਤਾ ਐੱਨ. ਡੀ. ਏ. ’ਚ ਜਾਣ ਦਾ ਐਲਾਨ
Friday, Feb 09, 2024 - 08:34 PM (IST)
ਨਵੀਂ ਦਿੱਲੀ, (ਯੂ. ਐੱਨ. ਆਈ.)– ਰਾਸ਼ਟਰੀ ਲੋਕ ਦਲ (ਰਾਲੋਦ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਜਯੰਤ ਚੌਧਰੀ ਨੇ ਅਗਲੀਆਂ ਆਮ ਚੋਣਾਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਰਾਸ਼ਟਰੀ ਜਨਤਾਂਤਰਿਕ ਗੱਠਜੋੜ (ਐੱਨ. ਡੀ. ਏ.) ਨਾਲ ਮਿਲ ਕੇ ਲੜਣ ਦੀ ਆਪਣੀ ਯੋਜਨਾ ਸਪਸ਼ਟ ਕੀਤੀ। ਉਨ੍ਹਾਂ ਇਥੇ ਪੱਤਰਕਾਰਾਂ ਨਾਲ ਗੱਲਬਾਤ ’ਚ ਇਸ ਬਾਰੇ ਭਾਜਪਾ ਨਾਲ ਸਹਿਮਤੀ ਦੀ ਪੁਸ਼ਟੀ ਕੀਤੀ।
ਉਨ੍ਹਾਂ ਅਗਲੀਆਂ ਚੋਣਾਂ ’ਚ ਭਾਜਪਾ ਨਾਲ ਗੱਠਜੋੜ ਬਾਰੇ ਪੁੱਛੇ ਗਏ ਇਕ ਸਵਾਲ ’ਤੇ ਕਿਹਾ,‘ਕੀ ਹੁਣ ਵੀ ਕੋਈ ਕਸਰ ਹੈ? ਅੱਜ ਕਿਸ ਮੂੰਹ ਨਾਲ ਤੁਹਾਡੇ ਸਵਾਲਾਂ ਨੂੰ ਨਾਂਹ ਕਹਾਂ?’ ਉਨ੍ਹਾਂ ਭਾਜਪਾ ਨਾਲ ਮਿਲ ਕੇ ਚੋਣ ਲੜਣ ਦੀ ਪੁਸ਼ਟੀ ਅਜਿਹੇ ਦਿਨ ਕੀਤੀ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦਾਦਾ ਅਤੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਮਰਨ ਉਪਰੰਤ ‘ਭਾਰਤ ਰਤਨ’ ਦਿੱਤੇ ਜਾਣ ਦੇ ਫੈਸਲੇ ਦਾ ਐਲਾਨ ਕੀਤਾ ਅਤੇ ਇਸ ਦੇ ਤੁਰੰਤ ਬਾਅਦ ਹੀ ਉਨ੍ਹਾਂ ਨੇ ਐੱਨ. ਡੀ. ਏ. ਦਾ ਪੱਲਾ ਫੜਨ ਦਾ ਐਲਾਨ ਕਰ ਦਿੱਤਾ।