ਚੀਨੀ ਹਮਲੇ 'ਚ ਜ਼ਖ਼ਮੀ ਜਵਾਨ ਨੇ ਦੱਸਿਆ ਗਲਵਾਨ ਘਾਟੀ 'ਚ ਉਸ ਰਾਤ ਕੀ ਹੋਇਆ ਸੀ?
Thursday, Jun 18, 2020 - 09:02 PM (IST)
ਨਵੀਂ ਦਿੱਲੀ - ਲੱਦਾਖ ਦੀ ਗਲਵਾਨ ਘਾਟੀ 'ਚ ਚੀਨ ਅਤੇ ਭਾਰਤ ਦੇ ਫ਼ੌਜੀਆਂ ਵਿਚਾਲੇ ਹੋਏ ਖੂਨੀ ਸੰਘਰਸ਼ 'ਚ ਜਵਾਨ ਸੁਰਿੰਦਰ ਸਿੰਘ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦਾ ਇਲਾਜ ਲੱਦਾਖ ਦੇ ਫ਼ੌਜੀ ਹਸਪਤਾਲ 'ਚ ਚੱਲ ਰਿਹਾ ਹੈ, ਜਿੱਥੇ ਉਨ੍ਹਾਂ ਨੂੰ 12 ਘੰਟੇ ਬਾਅਦ ਹੋਸ਼ ਆਇਆ। ਇਸ ਤੋਂ ਬਾਅਦ ਉਨ੍ਹਾਂ ਨੇ ਗਲਵਾਨ ਘਾਟੀ 'ਚ ਹੋਏ ਪੂਰੇ ਮਾਮਲੇ ਬਾਰੇ ਦੱਸਿਆ, ਨਾਲ ਹੀ ਪਹਿਲੀ ਵਾਰ ਕਿਸੇ ਜ਼ਖ਼ਮੀ ਨੇ ਚੀਨ ਦੀ ਪੂਰੀ ਸਾਜ਼ਿਸ਼ ਦੀ ਦਾਸਤਾਨ ਵੀ ਬਿਆਨ ਕੀਤੀ ਹੈ।
ਫ਼ੌਜੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਚੀਨੀ ਫ਼ੌਜੀਆਂ ਨੇ ਧੋਖੇ ਨਾਲ ਗਲਵਾਨ ਘਾਟੀ ਤੋਂ ਨਿਕਲਣ ਵਾਲੀ ਨਦੀ 'ਤੇ ਅਚਾਨਕ ਭਾਰਤੀ ਫ਼ੌਜੀਆਂ 'ਤੇ ਹਮਲਾ ਕਰ ਦਿੱਤਾ। ਕਰੀਬ 4 ਤੋਂ 5 ਘੰਟੇ ਤੱਕ ਨਦੀ 'ਚ ਹੀ ਫ਼ੌਜੀਆਂ ਵਿਚਾਲੇ ਖੂਨੀ ਸੰਘਰਸ਼ ਚੱਲਦਾ ਰਿਹਾ। ਉਸ ਸਮੇਂ ਭਾਰਤ ਦੇ ਕਰੀਬ 200 ਤੋਂ 250 ਜਵਾਨ ਮੌਜੂਦ ਸਨ। ਜਦੋਂ ਕਿ ਚੀਨ ਦੇ 1000 ਤੋਂ ਜ਼ਿਆਦਾ ਜਵਾਨ ਸਨ।
ਉਨ੍ਹਾਂ ਦੱਸਿਆ ਕਿ ਗਲਵਾਨ ਘਾਟੀ ਦੀ ਨਦੀ 'ਚ ਹੱਡੀ-ਮਾਸ ਨੂੰ ਗਲਾ ਦੇਣ ਵਾਲੇ ਠੰਡੇ ਪਾਣੀ 'ਚ ਇਹ ਸੰਘਰਸ਼ ਚੱਲਦਾ ਰਿਹਾ। ਉਨ੍ਹਾਂ ਦਾ ਕਹਿਣਾ ਸੀ ਕਿ ਜਿੱਥੇ ਇਹ ਸੰਘਰਸ਼ ਹੋਇਆ ਉਸ ਨਦੀ ਦੇ ਕੰਡੇ ਸਿਰਫ ਇੱਕ ਆਦਮੀ ਲਈ ਨਿਕਲਣ ਦੀ ਜਗ੍ਹਾ ਸੀ। ਇਸ ਲਈ ਭਾਰਤੀ ਫ਼ੌਜੀਆਂ ਨੂੰ ਸੰਭਲਣ 'ਚ ਭਾਰੀ ਪਰੇਸ਼ਾਨੀ ਹੋਈ ਨਹੀਂ ਤਾਂ ਭਾਰਤੀ ਫ਼ੌਜੀ ਕਿਸੇ ਤੋਂ ਘੱਟ ਨਹੀਂ ਸਨ। ਭਾਰਤੀ ਫ਼ੌਜੀ ਵੀ ਚੀਨ ਦੇ ਫ਼ੌਜੀਆਂ ਨੂੰ ਚੰਗਾ ਸਬਕ ਸਿਖਾ ਸਕਦੇ ਸਨ ਪਰ ਸਾਡੇ ਤੇ ਉਨ੍ਹਾਂ ਨੇ ਸਾਜ਼ਿਸ਼ ਦੇ ਤਹਿਤ ਅਤੇ ਧੋਖੇ ਨਾਲ ਹਮਲਾ ਕੀਤਾ।
ਉਨ੍ਹਾਂ ਨੇ ਫੋਨ 'ਤੇ ਦੱਸਿਆ ਕਿ ਹੁਣ ਉਹ ਤੰਦਰੁਸਤ ਹਨ ਅਤੇ ਲੱਦਾਖ ਦੇ ਫ਼ੌਜੀ ਹਸਪਚਾਲ 'ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੇ ਇੱਕ ਹੱਥ 'ਚ ਫੈਕਚਰ ਹੈ ਅਤੇ ਸਿਰ 'ਚ ਕਰੀਬ ਇੱਕ ਦਰਜਨ ਟਾਂਕੇ ਲੱਗੇ ਹਨ। ਉਨ੍ਹਾਂ ਨੇ ਉਸ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 5 ਫੁੱਟ ਡੂੰਘੇ ਪਾਣੀ 'ਚ ਕਰੀਬ 5 ਘੰਟੇ ਚੱਲੇ ਸੰਘਰਸ਼ 'ਚ ਸਿਰ 'ਚ ਸੱਟ ਲੱਗਣ ਨਾਲ ਉਹ ਜਖ਼ਮੀ ਹੋ ਗਏ ਸਨ ਅਤੇ ਹੋਰ ਫ਼ੌਜੀਆਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ। ਉਨ੍ਹਾਂ ਨੂੰ ਤੱਦ ਤੱਕ ਹੋਸ਼ ਸੀ ਇਸ ਤੋਂ ਬਾਅਦ ਉਨ੍ਹਾਂ ਨੂੰ ਲੱਦਾਖ ਦੇ ਹਸਪਤਾਲ 'ਚ ਹੀ ਆ ਕੇ ਕਰੀਬ 12 ਘੰਟੇ ਬਾਅਦ ਹੋਸ਼ ਆਇਆ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਝਗੜੇ 'ਚ ਉਨ੍ਹਾਂ ਦਾ ਮੋਬਾਇਲ ਅਤੇ ਹੋਰ ਕਾਗਜ਼ਾਤ ਵੀ ਨਦੀ ਦੇ ਪਾਣੀ 'ਚ ਕਿਤੇ ਡਿੱਗ ਗਏ।
ਬਹਾਦਰ ਸੁਰਿੰਦਰ ਸਿੰਘ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਨੌਗਾਂਵਾ ਪਿੰਡ ਦੇ ਰਹਿਣ ਵਾਲੇ ਹਨ। ਘਟਨਾ ਦੀ ਸੂਚਨਾ ਤੋਂ ਬਾਅਦ ਪਰਿਵਾਰ ਵਾਲੇ ਪਰੇਸ਼ਾਨ ਹਨ ਪਰ ਲੱਦਾਖ ਦੇ ਹਸਪਤਾਲ 'ਚ ਦਾਖਲ ਸੁਰਿੰਦਰ ਸਿੰਘ ਨਾਲ ਫੋਨ 'ਤੇ ਪਰਿਵਾਰ ਵਾਲਿਆਂ ਦੀ ਗੱਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਸੁੱਖ ਦਾ ਸਾਹ ਆਇਆ। ਪਰਿਵਾਰ ਵਾਲੇ ਭਗਵਾਨ ਤੋਂ ਸਾਰੇ ਜ਼ਖ਼ਮੀ ਜਵਾਨਾਂ ਲਈ ਜਲਦੀ ਤੰਦਰੁਸਤ ਹੋਣ ਦੀ ਅਰਦਾਸ ਕਰ ਰਹੇ ਹਨ। ਜ਼ਖ਼ਮੀ ਜਵਾਨ ਸੁਰਿੰਦਰ ਸਿੰਘ ਦੀ ਪਤਨੀ, ਬੱਚਿਆਂ ਨਾਲ ਅਲਵਰ ਦੇ ਸੂਰਜ ਨਗਰ ਨਵੀਂ ਬਸਤੀ 'ਚ ਰਹਿੰਦੀ ਹੈ। ਜਦੋਂ ਕਿ ਜ਼ਖ਼ਮੀ ਜਵਾਨ ਦੇ ਮਾਤਾ ਪਿਤਾ ਅਤੇ ਭਰਾ ਦਾ ਪਰਿਵਾਰ ਪਿੰਡ 'ਚ ਰਹਿੰਦਾ ਹੈ।
ਫ਼ੌਜੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਭਾਰਤੀ ਫ਼ੌਜੀ ਕਿਸੇ ਵੀ ਦੁਸ਼ਮਣ ਦੇਸ਼ ਦੇ ਫ਼ੌਜੀਆਂ ਤੋਂ ਨਜਿੱਠਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਫ਼ੌਜੀ ਸੁਰਿੰਦਰ ਸਿੰਘ ਦੇ ਪਿਤਾ ਬਲਵੰਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਦੁਪਹਿਰ ਨੂੰ ਫੋਨ ਆਇਆ ਸੀ ਤਾਂ ਉਨ੍ਹਾਂ ਨੂੰ ਸਿਰਫ ਇੰਨਾ ਹੀ ਦੱਸਿਆ ਗਿਆ ਕਿ ਝਗੜੇ 'ਚ ਉਨ੍ਹਾਂ ਦੇ ਬੇਟੇ ਦੇ ਸਿਰ 'ਚ ਸੱਟ ਲੱਗੀ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਠੀਕ ਹੈ ਪਰ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਪਰਿਵਾਰਕ ਮੈਂਬਰ ਪਰੇਸ਼ਾਨ ਵੀ ਹਨ ਅਤੇ ਭਗਵਾਨ ਤੋਂ ਦੁਆ ਕਰ ਰਹੇ ਹਨ ਕਿ ਬੇਟੇ ਸਮੇਤ ਹੋਰ ਜਿਹੜੇ ਫ਼ੌਜੀ ਉੱਥੇ ਜ਼ਖ਼ਮੀ ਹੋਏ ਹਨ ਭਗਵਾਨ ਉਨ੍ਹਾਂ ਨੂੰ ਜਲਦੀ ਤੰਦਰੁਸਤ ਕਰਣ।