ਜਨਤਾ ਕਰਫਿਊ : ਸੜਕਾਂ ''ਵੀਰਾਨ'', ਘਰਾਂ ''ਚ ਕੈਦ ਮਨੁੱਖ ਤੇ ਫਿਰ ਝੂਮਣ ਲੱਗੀ ਕੁਦਰਤ
Sunday, Mar 22, 2020 - 06:22 PM (IST)
ਵੈੱਬ ਡੈਸਕ— ਕੋਰੋਨਾ ਵਾਇਰਸ ਨਾਲ ਲੜਨ ਲਈ ਜਨਤਾ ਕਰਫਿਊ ਅੱਜ ਸਵੇਰੇ 7 ਵਜੇ ਤੋਂ ਸ਼ੁਰੂ ਹੋਇਆ ਹੈ, ਜੋ ਕਿ ਰਾਤ 9 ਵਜੇ ਤਕ ਲਾਗੂ ਰਹੇਗਾ। ਜਨਤਾ ਕਰਫਿਊ ਦਾ ਅਸਰ ਦੇਸ਼ ਭਰ 'ਚ ਨਜ਼ਰ ਆ ਰਿਹਾ ਹੈ। ਵੀਰਾਨ ਸੜਕਾਂ, ਬੰਦ ਦੁਕਾਨਾਂ ਅਤੇ ਘਰਾਂ 'ਚ ਕੈਦਾਂ ਮਨੁੱਖ ਇਸ ਗੱਲ ਦੀ ਗਵਾਹੀ ਭਰ ਰਹੀਆਂ ਹਨ। ਇਸ ਦਰਮਿਆਨ ਜੋ ਤਸਵੀਰਾਂ 'ਚ ਦੇਖਣ ਨੂੰ ਮਿਲਿਆ, ਉਹ ਕਾਫੀ ਹੈਰਾਨੀ ਵਾਲੀ ਵੀ ਹਨ ਅਤੇ ਰੂਹ ਨੂੰ ਖੁਸ਼ ਕਰ ਦੇਣ ਵਾਲੀ ਵੀ ਹਨ। ਇਹ ਤਸਵੀਰ ਦਿੱਲੀ ਦੇ ਕਨਾਟ ਪਲੇਸ ਇਲਾਕੇ ਦੀ ਹੈ, ਜਿੱਥੇ ਖਾਲੀ ਸੜਕਾਂ ਅਤੇ ਬੰਦ ਦੁਕਾਨਾਂ ਵਿਚਾਲੇ ਪੰਛੀਆਂ ਦੀ ਚਹਿਲ-ਕਦਮੀ ਦੇਖੀ ਗਈ। ਮਨੁੱਖ ਘਰਾਂ 'ਚ ਕੈਦ ਹਨ ਅਤੇ ਚਹਿਚਹਾਉਂਦੇ ਕਬੂਤਰ ਨੂੰ ਦੇਖ ਕੇ ਇੰਝ ਜਾ ਰਿਹਾ ਹੈ ਕਿ ਮੰਨੋ ਕੁਦਰਤ ਝੂਮਣ ਲੱਗ ਪਈ ਹੋਵੇ।
ਜਨਤਾ ਕਰਫਿਊ ਦਰਮਿਆਨ ਕੁਝ ਅਜਿਹਾ ਹੀ ਨਜ਼ਾਰਾ ਮੁੰਬਈ ਦੇ ਜੁਹੂ ਬੀਚ 'ਤੇ ਦੇਖਣ ਨੂੰ ਮਿਲਿਆ, ਜਿੱਥੇ ਸੁੰਨਸਾਨ ਪਸਰੀ ਹੈ। ਕੋਈ ਵੀ ਮਨੁੱਖ ਇੱਥੇ ਨਜ਼ਰ ਨਹੀਂ ਆ ਰਿਹਾ। ਮਨੁੱਖ ਦੀ ਚਹਿਲ-ਕਦਮੀ ਤੋਂ ਬਿਨਾਂ ਇੱਥੇ ਵੀ ਸਮੁੰਦਰੀ ਕੰਢੇ ਪੰਛੀਆਂ ਦੀਆਂ ਡਾਰਾਂ ਦੇਖੀਆਂ ਗਈਆਂ। ਸ਼ਾਂਤ ਸਮੁੰਦਰ ਅਤੇ ਆਲੇ-ਦੁਆਲੇ ਪੰਛੀਆਂ ਨੂੰ ਦੇਖ ਕੇ ਵਾਕਿਆ 'ਚ ਸਭ ਕੁਝ ਹੈਰਾਨ ਕਰ ਦੇਣ ਵਾਲਾ ਹੈ।
ਰੋਜ਼ਾਨਾ ਹਰ ਥਾਂ ਜਿਵੇਂ ਕਿ ਸਮੁੰਦਰੀ ਕੰਢੇ, ਸੜਕਾਂ-ਗਲੀਆਂ 'ਚ ਮਨੁੱਖ ਦੀ ਆਵਾਜਾਈ ਦੇਖਣ ਨੂੰ ਮਿਲਦੀ ਹੈ ਪਰ ਅੱਜ ਮਨੁੱਖ ਘਰਾਂ 'ਚ ਕੈਦ ਹੈ ਅਤੇ ਇੰਝ ਜਾਪ ਰਿਹਾ ਹੈ ਕਿ ਜਿਵੇਂ ਪੰਛੀਆਂ 'ਚ ਕੁਝ ਵੱਖਰੀ ਹੀ ਖੁਸ਼ੀ ਹੈ। ਉਂਝ ਸੜਕਾਂ 'ਤੇ ਮਨੁੱਖ ਦੀ ਰੋਜ਼ਾਨਾ ਦੀ ਭੱਜ-ਦੌੜ ਵਿਚਾਲੇ ਪੰਛੀ ਘੱਟ ਹੀ ਨਜ਼ਰ ਆਉਂਦੇ ਹਨ।
ਦੱਸ ਦੇਈਏ ਕਿ ਦੇਸ਼ 'ਚ ਕੋਰੋਨਾ ਵਾਇਰਸ (ਕੋਵਿਡ-19) ਦੇ ਵਧਦੇ ਮਾਮਲਿਆਂ ਵਿਚਾਲੇ ਲੋਕਾਂ ਨੇ ਖੁਦ 'ਤੇ ਕਰਫਿਊ ਲਾਇਆ ਹੈ, ਜਿਸ ਨੂੰ ਜਨਤਾ ਕਰਫਿਊ ਦਾ ਨਾਮ ਦਿੱਤਾ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਭਾਵ 22 ਮਾਰਚ ਨੂੰ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ। ਇਹ ਕਰਫਿਊ 14 ਘੰਟੇ ਜਾਰੀ ਰਹੇਗਾ। ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੋਦੀ ਵਲੋਂ ਜਨਤਾ ਕਰਫਿਊ ਦੀ ਅਪੀਲ ਕੀਤੀ ਗਈ, ਜਿਸ ਦਾ ਅਸਰ ਦੇਸ਼ ਭਰ 'ਚ ਦੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ : ਜਨਤਾ ਕਰਫਿਊ: ਕੋਰੋਨਾ ਖਿਲਾਫ ਪੂਰੇ ਭਾਰਤ ਦੀ ਜੰਗ, ਸੁੰਨੇ ਪਏ ਸ਼ਹਿਰ (ਦੇਖੋ ਤਸਵੀਰਾਂ)
ਲੋਕਾਂ ਨੇ ਖੁਦ ਨੂੰ ਘਰਾਂ ਅੰਦਰ ਰੱਖਿਆ, ਉੱਥੇ ਹੀ ਸੜਕਾਂ 'ਤੇ ਜਨਤਕ ਟਰਾਂਸਪੋਰਟ ਦੇ ਕੁਝ ਵਾਹਨ ਹੀ ਨਜ਼ਰ ਆਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਇਸ ਸਮੱਸਿਆ ਵਿਰੁੱਧ ਲੜਾਈ ਬਹੁਤ ਜ਼ਰੂਰੀ ਹੈ। ਹੁਣ ਤੋਂ ਚੁੱਕੇ ਗਏ ਕਦਮ ਆਉਣ ਵਾਲੇ ਸਮੇਂ 'ਚ ਮਦਦਗਾਰ ਸਾਬਤ ਹੋਣਗੇ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਘਰ 'ਚ ਰਹੋ ਅਤੇ ਸਿਹਤਮੰਦ ਰਹੋ।