ਅੱਤਵਾਦੀ ਸਾਜ਼ਿਸ਼ ਦਾ ਭਾਂਡਾ ਭੱਜਾ, ਟੈਂਕਰ ’ਚੋਂ ਹਥਿਆਰ ਤੇ ਗੋਲਾ-ਬਾਰੂਦ ਬਰਾਮਦ

Thursday, Nov 10, 2022 - 01:27 PM (IST)

ਅੱਤਵਾਦੀ ਸਾਜ਼ਿਸ਼ ਦਾ ਭਾਂਡਾ ਭੱਜਾ, ਟੈਂਕਰ ’ਚੋਂ ਹਥਿਆਰ ਤੇ ਗੋਲਾ-ਬਾਰੂਦ ਬਰਾਮਦ

ਜੰਮੂ (ਨਿਸ਼ਚਯ)– ਪੁਲਸ ਦੀ ਚੌਕਸੀ ਕਾਰਨ ਜੰਮੂ ਵਿਚ ਅੱਤਵਾਦੀ ਸਾਜ਼ਿਸ਼ ਦਾ ਭਾਂਡਾ ਭੰਨ ਕੇ ਇਕ ਟੈਂਕਰ ਵਿਚੋਂ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕਰ ਕੇ ਵੱਡੀ ਅੱਤਵਾਦੀ ਵਾਰਦਾਤ ਨੂੰ ਅਸਫਲ ਕੀਤਾ ਹੈ। ਪੁਲਸ ਨੇ ਜੈਸ਼-ਏ-ਮੁਹੰਮਦ ਦੇ 3 ਮਦਦਗਾਰਾਂ ਨੂੰ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਮੁਤਾਬਕ ਤ੍ਰਿਕੁਟਾ ਨਗਰ ਪੁਲਸ ਨੇ ਦੇਰ ਰਾਤ ਨੂੰ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਵਾਹਨਾਂ ਦੀ ਸੁਚਾਰੂ ਆਵਾਜਾਈ ਲਈ ਨਰਵਾਲ ਖੇਤਰ ਤੋਂ ਵਾਹਨਾਂ ਨੂੰ ਰਵਾਨਾ ਕੀਤਾ। ਇਸ ਦੌਰਾਨ ਸੜਕ ’ਤੇ ਖੜੇ ਇਕ ਤੇਲ ਦੇ ਟੈਂਕਰ ਨੰ. ਜੇ. ਕੇ. 02ਬੀ ਐੱਫ/2965 ਦੇ ਡਰਾਈਵਰ ਨੂੰ ਵਾਹਨ ਲਿਜਾਣ ਲਈ ਕਿਹਾ ਤਾਂ ਉਸ ਨੇ ਟੈਂਕਰ ਨੂੰ ਪਾਰਕ ਦੇ ਨੇੜੇ ਰੋਕ ਲਿਆ। ਸੰਬੰਧਤ ਥਾਣੇ ਦੀ ਪੈਟਰੋਲਿੰਗ ਪਾਰਟੀ ਨੇ ਟੈਂਕਰ ਡਰਾਈਵਰ ਨੂੰ ਵਾਹਨ ਨਾ ਰੋਕਣ ਲਈ ਕਿਹਾ ਤਾਂ ਵਾਹਨ ਡਰਾਈਵਰ ਅਤੇ ਉਸ ਵਿਚ ਸਵਾਰ 2 ਹੋਰ ਦੋਸ਼ੀਆਂ ਨੇ ਪੁਲਸ ਦੇ ਨਾਲ ਹੱਥੋਪਾਈ ਸ਼ੁਰੂ ਕਰ ਿਦੱਤੀ।

ਪੁਲਸ ਪਾਰਟੀ ਡਰਾਈਵਰ ਸਮੇਤ 3 ਦੋਸ਼ੀਆਂ ਨੂੰ ਪੁਲਸ ਥਾਣੇ ਲੈ ਆਈ ਜਿਥੇ ਦੋਸ਼ੀਆਂ ਦੀ ਪਛਾਣ ਮੁਹੰਮਦ ਯਾਸੀਨ (ਡਰਾਈਵਰ) ਪੁੱਤਰ ਮੁਹੰਮਦ ਇਸਮਾਈਲ ਵਾਸੀ ਪੁਛਿਲ ਪੰਪੋਰ, ਫਰਹਾਨ ਫਾਰੂਕ ਪੁੱਤਰ ਫਾਰੂਕ ਅਹਿਮਦ ਵਾਸੀ ਦਰੰਗਬਲ ਪੰਪੋਰ ਅਤੇ ਫਾਰੂਕ ਅਹਿਮਦ ਪੁੱਤਰ ਅਬਦੁੱਲ ਅਜੀਜ ਭੱਟ ਵਾਸੀ ਦਰੰਗਬਲ, ਪੰਪੋਰ ਦੇ ਰੂਪ ਵਿਚ ਕੀਤੀ ਗਈ।

ਜਾਂਚ ਵਿਚ ਪੁਲਸ ਨੂੰ ਪਤਾ ਲੱਗਾ ਕਿ ਦੋਸ਼ੀ ਡਰਾਈਵਰ ਮੁਹੰਮਦ ਯਾਸੀਨ ’ਤੇ ਪਹਿਲਾਂ ਤੋਂ ਯੂ. ਐੱਲ. ਏ. ਪੀ. ਤਹਿਤ ਅਵੰਤੀਪੋਰਾ ਵਿਚ ਮਾਮਲਾ ਦਰਜ ਹੈ ਅਤੇ ਉਸ ਦਾ ਸੰਪਰਕ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਨਾਲ ਹੈ।

ਇਸ ਦੌਰਾਨ ਡਰਾਈਵਰ ਯਾਸੀਨ ਨੇ ਪੁਲਸ ਨੂੰ ਦੱਸਿਆ ਕਿ ਉਹ ਪਾਕਿਸਤਾਨ ਵਿਚ ਮੌਜੂਦ ਜੈਸ਼-ਏ-ਮੁਹੰਮਦ ਦੇ ਹੈਂਡਲਰ ਸ਼ਾਹਬਾਜ ਦੇ ਕਹਿਣ ’ਤੇ ਜੰਮੂ ਤੋਂ ਹਥਿਆਰ ਲੈਣ ਲਈ ਆਇਆ ਸੀ, ਜਿਸ ਨੂੰ ਉਸ ਨੂੰ ਕਸ਼ਮੀਰ ਵਾਦੀ ਵਿਚ ਅੱਤਵਾਦੀਆਂ ਤੱਕ ਪਹੁੰਚਾਉਣਾ ਸੀ। ਉਸ ਨੇ ਦੱਸਿਆ ਕਿ ਹਥਿਆਰ ਉਸ ਨੇ ਤੇਲ ਦੇ ਟੈਂਕਰ ਵਿਚ ਲੁਕਾਏ ਹੋਏ ਹਨ। ਹਥਿਆਰਾਂ ਦੀ ਜਾਣਕਾਰੀ ਮਿਲਦੇ ਹੀ ਪੁਲਸ ਨੇ ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਤੇਲ ਦੇ ਟੈਂਕਰ ਨੂੰ ਖੰਗਾਲਿਆ। ਇਸ ਦੌਰਾਨ ਪੁਲਸ ਨੇ 3 ਏ. ਕੇ. 56 ਰਾਈਫਲ, ਇਕ ਪਿਸਤੌਲ, 191 ਰੌਂਦ ਸਮੇਤ 9 ਮੈਗਜ਼ੀਨ, 6 ਗ੍ਰੇਨੇਡ ਬਰਾਮਦ ਕੀਤੇ।


author

Rakesh

Content Editor

Related News