ਜੰਮੂ-ਕਸ਼ਮੀਰ : ਅੱਤਵਾਦੀਆਂ ਨੇ ਜਾਰੀ ਕੀਤਾ ਬਾਰਾਮੂਲਾ ਹਮਲੇ ਦਾ ਵੀਡੀਓ

08/21/2020 1:02:35 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਉੱਤਰੀ ਕਸ਼ਮੀਰ ਜ਼ਿਲ੍ਹੇ ਬਾਰਾਮੂਲਾ 'ਚ ਸੋਮਵਾਰ ਤੜਕੇ ਹੋਏ ਹਮਲੇ ਦੀ ਅੱਤਵਾਦੀਆਂ ਨੇ ਸ਼ੁੱਕਰਵਾਰ ਨੂੰ ਵੀਡੀਓ ਜਾਰੀ ਕੀਤੀ ਹੈ। ਪੁਲਸ ਨੇ ਹਾਲਾਂਕਿ ਕਿਹਾ ਕਿ ਇਹ ਘਾਟੀ 'ਚ ਅੱਤਵਾਦ ਨੂੰ ਉਤਸ਼ਾਹ ਦੇਣ ਲਈ ਕੀਤਾ ਗਿਆ ਅਤੇ ਸੁਰੱਖਿਆ ਦਸਤਿਆਂ ਨੇ ਵੀਡੀਓ 'ਚ ਸ਼ਾਮਲ ਇਕ ਕਮਾਂਡਰ ਸਮੇਤ ਚਾਰ ਕਮਾਂਡਰਾਂ ਨੂੰ 72 ਘੰਟਿਆਂ ਅੰਦਰ ਢੇਰ ਕੀਤਾ ਦਿੱਤਾ ਸੀ। ਅੱਤਵਾਦੀਆਂ ਵਲੋਂ ਸੋਸ਼ਲ ਮੀਡੀਆ 'ਤੇ ਪਾਈ ਗਈ ਵੀਡੀਓ 'ਚ ਅੱਤਵਾਦੀ, ਸੁਰੱਖਿਆ ਦਸਤਿਆਂ 'ਤੇ ਗੋਲੀਬਾਰੀ ਕਰਦੇ ਦਿਖਾਈ ਦੇ ਰਹੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਵੀਡੀਓ ਹਮਲੇ 'ਚ ਸ਼ਾਮਲ ਇਕ ਅੱਤਵਾਦੀ ਨੇ ਹੀ ਬਣਾਇਆ ਹੈ। ਵੀਡੀਓ ਨੂੰ ਲੈ ਕੇ ਕਸ਼ਮੀਰ ਜ਼ੋਨ ਪੁਲਸ ਨੇ ਟਵੀਟ ਕਰ ਕੇ ਕਿਹਾ,''ਇਸ ਵੀਡੀਓ ਰਾਹੀਂ ਅੱਤਵਾਦੀ, ਅੱਤਵਾਦ ਨੂੰ ਉਤਸ਼ਾਹ ਦੇਣਾ ਚਾਹੁੰਦੇ ਹਨ ਪਰ ਉਹ ਅਜਿਹਾ ਕਰਨ 'ਚ ਕਦੇ ਸਫ਼ਲ ਨਹੀਂ ਹੋਣਗੇ। ਅਸੀਂ ਵੀਡੀਓ 'ਚ ਦਿਖਾਈ ਦੇ ਰਹੇ ਚਾਰ ਟਾਪ ਕਮਾਂਡਰ ਸੱਜਾਦ, ਹੈਦਰ, ਤੈਮੂਰ ਖਾਨ ਅਤੇ ਅਬੂ ਉਸਮਾਨ ਨੂੰ ਜਵਾਬੀ ਕਾਰਵਾਈ 'ਚ 72 ਘੰਟਿਆਂ ਅੰਦਰ ਮਾਰ ਸੁੱਟਿਆ।''

ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੋਮਵਾਰ ਤੜਕੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਨਾਕਾ 'ਤੇ ਹਮਲੇ 'ਚ 2 ਜਵਾਨ ਅਤੇ ਇਕ ਵਿਸ਼ੇਸ਼ ਪੁਲਸ ਅਧਿਕਾਰੀ (ਐੱਸ.ਪੀ.ਓ.) ਸ਼ਹੀਦ ਹੋ ਗਏ, ਜਦੋਂ ਕਿ ਸੁਰੱਖਿਆ ਦਸਤਿਆਂ ਦੀ ਜਵਾਬੀ ਕਾਰਵਾਈ 'ਚ ਲਸ਼ਕਰ-ਏ-ਤੋਇਬਾ ਦੇ ਟਾਪ ਕਮਾਂਡਰ ਸੱਜਾਦ ਸਮੇਤ 2 ਅੱਤਵਾਦੀ ਵੀ ਮਾਰੇ ਗਏ ਸਨ। ਇਸ ਹਮਲੇ ਤੋਂ ਬਾਅਦ ਬਾਰਾਮੂਲਾ ਜ਼ਿਲ੍ਹੇ ਦੇ ਕ੍ਰੀਰੀ ਪਾਟਨ 'ਚ ਸੁਰੱਖਿਆ ਦਸਤਿਆਂ ਨੇ ਮੰਗਲਵਾਰ ਤੜਕੇ ਦੌਰਾਨ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਚਲਾਈ, ਜਿਸ ਤੋਂ ਬਾਅਦ ਮੁਕਾਬਲਾ ਫਿਰ ਸ਼ੁਰੂ ਹੋ ਗਿਆ, ਜਿਸ 'ਚ ਇਕ ਹੋਰ ਅੱਤਵਾਦੀ ਮਾਰਿਆ ਗਿਆ। ਇਸ ਮੁਕਾਬਲੇ 'ਚ ਹੁਣ ਤੱਕ ਤਿੰਨ ਅੱਤਵਾਦੀ ਮਾਰੇ ਗਏ ਅਤੇ ਕੁੱਲ 5 ਸੁਰੱਖਿਆ ਕਰਮੀ ਸ਼ਹੀਦ ਹੋਏ ਸਨ।


DIsha

Content Editor

Related News