ਜੰਮੂ-ਕਸ਼ਮੀਰ ਦੇ ਬਿਸ਼ਨਾਹ ਸੈਕਟਰ ’ਚ ਵੰਡੀ ਗਈ 702ਵੇਂ ਟਰੱਕ ਦੀ ਰਾਹਤ ਸਮੱਗਰੀ
Thursday, Mar 02, 2023 - 03:26 PM (IST)

ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਜੰਮੂ-ਕਸ਼ਮੀਰ ਭਾਰਤ-ਪਾਕਿ ਸਰਹੱਦ ’ਤੇ ਹਾਲਾਤ ਸੁਧਰ ਨਹੀਂ ਰਹੇ, ਲੋਕਾਂ ਦੀਆਂ ਮੁਸ਼ਕਲਾਂ ਘਟ ਹੋਣ ਦੀ ਬਜਾਏ ਵਧਦੀਆਂ ਹੀ ਜਾ ਰਹੀਆਂ ਹਨ। ਜਿਵੇਂ-ਜਿਵੇਂ ਦਾਨੀ ਪਰਿਵਾਰਾਂ ਨੂੰ ਉਥੋਂ ਦੇ ਹਾਲਾਤ ਬਾਰੇ ਸੂਚਨਾ ਮਿਲ ਰਹੀ ਹੈ, ਤਿਉਂ-ਤਿਉਂ ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਮੁਹਿੰਮ ’ਚ ਜ਼ਿਆਦਾ ਲੋਕ ਜੁੜਦੇ ਜਾ ਰਹੇ ਹਨ। ਜ਼ਿਲ੍ਹਾ ਕਰਨਾਲ ਦੇ ਤਰਾਵੜੀ ਦੇ ਸਮਾਜ ਸੇਵਕ ਅਤੇ ਲੇਖਕ ਅਨਿਲ ਗੁਪਤਾ ਨੇ ਪਿਛਲੇ ਦਿਨੀਂ ਉਥੋਂ ਦੇ ਦਾਨੀ ਸੱਜਣਾਂ ਨੂੰ ਇਸ ਮੁਹਿੰਮ ’ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਤਾਂ ਉਥੋਂ ਦੇ ਬੀ. ਡੀ. ਓਵਰਸੀਜ਼ ਦੇ ਮਾਲਕ ਪ੍ਰਵੀਨ ਗਰਗ ਅਤੇ ਉਨ੍ਹਾਂ ਦੀ ਧਰਮ ਪਤਨੀ ਆਸ਼ਾ ਗਰਗ ਨੇ ਆਪਣੇ ਮਾਤਾ-ਪਿਤਾ ਸਵ. ਲਾਲਾ ਜੈ ਕੁਮਾਰ ਗਰਗ ਅਤੇ ਸਵ. ਰੋਸ਼ਨੀ ਦੇਵੀ ਦੀ ਯਾਦ ’ਚ ਰਾਹਤ ਸਮੱਗਰੀ ਦਾ ਇਕ ਟਰੱਕ ਸ਼੍ਰੀ ਵਿਜੇ ਕੁਮਾਰ ਚੋਪੜਾ ਨੂੰ ਭੇਟ ਕੀਤਾ ਸੀ, ਜਿਸ ’ਚ 200 ਪਰਿਵਾਰਾਂ ਲਈ ਰਾਸ਼ਨ ਅਤੇ ਕੰਬਲ ਸਨ। ਰਾਹਤ ਸਮੱਗਰੀ ਦੇ 702ਵੇਂ ਟਰੱਕ ਦਾ ਸਾਮਾਨ ਸਰਹੱਦੀ ਬਿਸ਼ਨਾਹ ਸੈਕਟਰ ਦੇ ਨਾਮਾ ਸਲੈਹਡ ਪਿੰਡ (ਜੰਮੂ-ਕਸ਼ਮੀਰ) ’ਚ ਭਾਜਪਾ ਦੇ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਸਰਵਜੀਤ ਸਿੰਘ ਦੀ ਪ੍ਰਧਾਨਗੀ ’ਚ ਆਯੋਜਿਤ ਸਮਾਰੋਹ ’ਚ ਵੰਡਿਆ ਗਿਆ।
ਸਰਵਜੀਤ ਸਿੰਘ ਨੇ ਕਿਹਾ ਕਿ ਪੰਜਾਬ ਕੇਸਰੀ ਵੱਲੋਂ ਸਰਹੱਦੀ ਪ੍ਰਭਾਵਿਤਾਂ ਨੂੰ 702 ਰਾਹਤ ਸਮੱਗਰੀ ਦੇ ਟਰੱਕ ਭਿਜਵਾ ਕੇ ਇਕ ਇਤਿਹਾਸ ਰਚ ਦਿੱਤਾ ਗਿਆ ਹੈ। ਬਲਾਕ ਵਿਕਾਸ ਬੋਰਡ ਦੇ ਚੇਅਰਮੈਨ ਦਰਸ਼ਨ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਸਰਹੱਦ ’ਤੇ ਰਹਿ ਰਹੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਫਿਰ ਉਨ੍ਹਾਂ ਦੀ ਮਦਦ ਕਰਨ ਦਾ ਜੋ ਕੰਮ ਪੰਜਾਬ ਦੇ ਦਾਨੀ ਲੋਕ ਕਰ ਰਹੇ ਹਨ, ਉਸ ਨੂੰ ਜੰਮੂ-ਕਸ਼ਮੀਰ ਭੁਲਾ ਨਹੀਂ ਸਕੇਗਾ। ਰਾਕੇਸ਼ ਪੰਤ, ਅਜੈ ਸ਼ਰਮਾ ਅਤੇ ਡਿੰਪਲ ਸੂਰੀ ਨੇ ਵੀ ਆਪਣੇ-ਆਪਣੇ ਵਿਚਾਰ ਪ੍ਰਗਟ ਕੀਤੇ। ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਸਰਵਜੀਤ ਜੌਹਲ, ਦਰਸ਼ਨ ਸਿੰਘ, ਰਾਕੇਸ਼ ਪੰਤ, ਅਜੈ ਸ਼ਰਮਾ, ਸ਼ਿਵ ਚੌਧਰੀ, ਮਿੱਠੂ ਸ਼ਰਮਾ, ਡਿੰਪਲ ਸੂਰੀ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਅਤੇ ਹੋਰ ਹਾਜ਼ਰ ਸਨ।