ਵਿਜੀਲੈਂਸ ਦੇ ਛਾਪੇ ਤੋਂ ਬਾਅਦ ਠੱਪ ਪਿਆ ਲੁਧਿਆਣਾ ਸੈਕਟਰ-32 ਟੈਸਟ ਟ੍ਰੈਕ
Saturday, Apr 26, 2025 - 05:31 AM (IST)

ਲੁਧਿਆਣਾ (ਰਾਮ) : ਸ਼ਹਿਰ ’ਚ ਡ੍ਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਦੀ ਪ੍ਰਕਿਰਿਆ ਨਾਲ ਜੁੜੇ ਸੈਂਕੜੇ ਲੋਕਾਂ ਨੂੰ ਇਸ ਸਮੇਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਡੀਗੜ੍ਹ ਰੋਡ ਸਥਿਤ ਸੈਕਟਰ-32 ਦੇ ਟੈਸਟ ਟ੍ਰੈਕ ’ਤੇ ਵਿਜੀਲੈਂਸ ਵਿਭਾਗ ਦੀ ਹਾਲੀਆ ਛਾਪੇਮਾਰੀ ਤੋਂ ਬਾਅਦ ਟ੍ਰਾਇਲ ਅਤੇ ਹੋਰ ਸਬੰਧਤ ਕੰਮ ਪੂਰੀ ਤਰ੍ਹਾਂ ਠੱਪ ਹੋ ਗਏ ਹਨ। ਉਥੇ ਸਟਾਫ ਦੀ ਗੈਰ-ਹਾਜ਼ਰੀ ਕਾਰਨ ਬਿਨੈਕਾਰਾਂ ਦੇ ਟੈਸਟ ਅਤੇ ਦਸਤਾਵੇਜ਼ੀ ਪ੍ਰਕਿਰਿਆ ’ਤੇ ਬ੍ਰੇਕ ਲੱਗ ਗਈ ਹੈ।
ਸਟਾਫ ਗਾਇਬ, ਕੰਮ-ਕਾਜ ਠੱਪ
ਜਾਣਕਾਰੀ ਮੁਤਾਬਕ ਵਿਜੀਲੈਂਸ ਦੀ ਛਾਪੇਮਾਰੀ ਤੋਂ ਬਾਅਦ ਟ੍ਰੈਕ ’ਤੇ ਨਾ ਤਾਂ ਕੋਈ ਅਧਿਕਾਰੀ ਮੈਜੂਦ ਹੈ ਅਤੇ ਨਾ ਹੀ ਕੋਈ ਹੋਰ ਮੁਲਾਜ਼ਮ। ਟ੍ਰਾਇਲ ਲਈ ਆਏ ਬਿਨੈਕਾਰ ਕਈ ਘੰਟਿਆਂ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਨਿਰਾਸ਼ ਹੋ ਕੇ ਮੁੜ ਰਹੇ ਹਨ। ਕੁਝ ਲੋਕ ਤਾਂ ਲਗਾਤਾਰ 2-3 ਦਿਨਾਂ ਤੋਂ ਗੇੜੇ ਕੱਢ ਰਹੇ ਹਨ ਪਰ ਉਥੇ ਕੋਈ ਸੁਣਵਾਈ ਨਹੀਂ ਹੋ ਰਹੀ।
ਇਹ ਵੀ ਪੜ੍ਹੋ : ਦੋਸਤ ਨਾਲ ਨਸ਼ਾ ਕਰਨ ਦੇ ਗਏ ਨੌਜਵਾਨ ਦੀ ਓਵਰਡੋਜ਼ ਨਾਲ ਹੋਈ ਮੌਤ
ਅਪਾਇੰਟਮੈਂਟ ਲੈ ਕੇ ਪੁੱਜੇ ਲੋਕ ਸਭ ਤੋਂ ਜ਼ਿਆਦਾ ਪ੍ਰੇਸ਼ਾਨ
ਵੱਡੀ ਗਿਣਤੀ ’ਚ ਅਜਿਹੇ ਬਿਨੈਕਾਰ ਹਨ, ਜਿਨ੍ਹਾਂ ਨੇ ਪਹਿਲਾਂ ਤੋਂ ਆਨਲਾਈਨ ਅਪਾਇੰਟਮੈਂਟ ਲਈ ਹੋਈ ਸੀ। ਉਹ ਤੈਅ ਤਰੀਕ ਅਤੇ ਸਮੇਂ ’ਤੇ ਟ੍ਰਾਇਲ ਦੇਣ ਲਈ ਪੁੱਜੇ ਪਰ ਉਨ੍ਹਾਂ ਨੂੰ ਦੱਸਿਆ ਗਿਆ ਕਿ ਟ੍ਰਾਇਲ ਹਾਲ ਦੀ ਘੜੀ ਨਹੀਂ ਹੋ ਸਕੇਗਾ। ਇਸ ਨਾਲ ਉਨ੍ਹਾ ਦਾ ਸਮਾਂ, ਮਿਹਨਤ ਅਤੇ ਪੈਸੇ ਤਿੰਨੋਂ ਬਰਬਾਦ ਹੋ ਰਹੇ ਹਨ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਨਾ ਤਾਂ ਟ੍ਰਾਂਸਪੋਰਟ ਵਿਭਾਗ ਦੀ ਵੈੱਬਸਾਈਟ ’ਤੇ ਅਤੇ ਨਾ ਹੀ ਟ੍ਰੈਕ ਦੇ ਬਾਹਰ ਕੋਈ ਸੂਚਨਾ ਲਗਾਈ ਗਈ ਹੈ ਕਿ ਟ੍ਰਾਇਲ ਕਦੋਂ ਤੱਕ ਰੱਦ ਰਹਿਣਗੇ। ਨਤੀਜੇ ਵਜੋਂ ਲੋਕ ਵਾਰ-ਵਾਰ ਆ ਕੇ ਟ੍ਰੈਕ ਦਾ ਗੇੜੇ ਕੱਢ ਰਹੇ ਹਨ।
ਵਿਜੀਲੈਂਸ ਛਾਪੇ ਦਾ ਅਸਰ, ਵਿਵਸਥਾ ’ਤੇ ਉੱਠੇ ਸਵਾਲ
ਸਥਾਨਕ ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਛਾਪੇ ’ਚ ਕਈ ਬੇਨਿਯਮੀਆਂ ਦੇ ਸਬੂਤ ਮਿਲੇ ਹਨ, ਜਿਨ੍ਹਾਂ ਦੀ ਜਾਂਚ ਅਜੇ ਜਾਰੀ ਹੈ। ਇਹ ਕਾਰਵਾਈ ਭ੍ਰਿਸ਼ਟਾਚਾਰ ਅਤੇ ਦਲਾਲੀ ’ਤੇ ਨਕੇਲ ਕੱਸਣ ਦੇ ਮਕਸਦ ਨਾਲ ਕੀਤੀ ਗਈ ਸੀ ਪਰ ਇਸ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਾਂਚ ਜ਼ਰੂਰੀ ਸੀ ਤਾਂ ਉਸ ਦੇ ਨਾਲ-ਨਾਲ ਬਦਲਵੀਂ ਵਿਵਸਥਾ ਵੀ ਯਕੀਨੀ ਬਣਾਈ ਜਾਣੀ ਚਾਹੀਦੀ ਸੀ।
ਇਹ ਵੀ ਪੜ੍ਹੋ : ਬਿਲਡਿੰਗ ਦੀ 21ਵੀਂ ਮੰਜ਼ਿਲ 'ਤੇ ਖੜ੍ਹੀ ਮਾਂ ਦੇ ਹੱਥੋਂ ਤਿਲਕ ਗਿਆ 7 ਮਹੀਨੇ ਦਾ ਮਾਸੂਮ ਬੱਚਾ, ਦਰਦਨਾਕ ਮੌਤ
ਪ੍ਰਸ਼ਾਸਨ ਦੀ ਚੁੱਪ ’ਤੇ ਵੀ ਸਵਾਲ
ਹੁਣ ਤੱਕ ਨਾ ਤਾਂ ਆਰ. ਟੀ. ਏ. ਦਫਤਰ ਅਤੇ ਨਾ ਹੀ ਟ੍ਰਾਂਸਪੋਰਟ ਵਿਭਾਗ ਵਲੋਂ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਹੈ। ਇਸ ਚੁੱਪ ਕਾਰਨ ਦੁਚਿੱਤੀ ਹੋਰ ਵਧ ਗਈ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਟ੍ਰਾਇਲ ਦੀ ਬਦਲਵੀਂ ਵਿਵਸਥਾ ਕੀਤੀ ਜਾਵੇ ਜਾਂ ਫਿਰ ਆਨਲਾਈਨ ਅਪਾਇੰਟਮੈਂਟ ਨੂੰ ਰੀ-ਸ਼ਡਿਊਲ ਕਰ ਕੇ ਅਗਲੀਆਂ ਤਰੀਕਾਂ ਦਿੱਤੀਆਂ ਜਾਣ। ਟ੍ਰਾਇਲ ਪ੍ਰਕਿਰਿਆ ਦੀ ਸਥਿਤੀ ਨੇ ਲੁਧਿਆਣਾ ਦੇ ਹਜ਼ਾਰਾਂ ਲਾਇਸੈਂਸ ਬਿਨੈਕਾਰਾਂ ਨੂੰ ਗਹਿਰੇ ਸੰਕਟ ਵਿਚ ਪਾ ਦਿੱਤਾ ਹੈ। ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਮੰਗ ਕਰਦਿਆਂ ਹੁਣ ਲੋਕਾਂ ਨੂੰ ਪ੍ਰਸ਼ਾਸਨ ਤੋਂ ਤੁਰੰਤ ਅਤੇ ਸਪੱਸ਼ਟ ਕਾਰਵਾਈ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8