ਜੰਮੂ-ਕਸ਼ਮੀਰ ਪੁਲਸ ਨੇ ਹਿਜ਼ਬੁਲ ਦੇ ਇਨ੍ਹਾਂ 3 ਅੱਤਵਾਦੀਆਂ ''ਤੇ ਰੱਖਿਆ 30 ਲੱਖ ਦਾ ਇਨਾਮ

Monday, Oct 28, 2019 - 02:34 PM (IST)

ਜੰਮੂ-ਕਸ਼ਮੀਰ ਪੁਲਸ ਨੇ ਹਿਜ਼ਬੁਲ ਦੇ ਇਨ੍ਹਾਂ 3 ਅੱਤਵਾਦੀਆਂ ''ਤੇ ਰੱਖਿਆ 30 ਲੱਖ ਦਾ ਇਨਾਮ

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਧਾਰਾ-370 ਹਟਣ ਦੇ ਬਾਅਦ ਤੋਂ ਪਾਕਿਸਤਾਨ ਘਾਟੀ ਨੂੰ ਅਸ਼ਾਂਤ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਕਰ ਰਿਹਾ ਹੈ। ਉੱਥੋਂ ਅੱਤਵਾਦੀ ਲਗਾਤਾਰ ਭਾਰਤ 'ਚ ਘੁਸਪੈਠ ਦੀ ਕੋਸ਼ਿਸ਼ 'ਚ ਹਨ ਪਰ ਫੌਜ ਉਨ੍ਹਾਂ ਦੀ ਇਕ ਨਹੀਂ ਚੱਲਣ ਦੇ ਰਹੀ ਹੈ। ਅਜਿਹੇ 'ਚ  ਕਿਸ਼ਤਵਾੜ 'ਚ ਪੁਲਸ ਨੇ ਹਿਜ਼ਬੁਲ ਮੁਜਾਹੀਦੀਨ ਨਾਲ ਜੁੜੇ ਤਿੰਨ ਅੱਤਵਾਦੀਆਂ 'ਤੇ 30 ਲੱਖ ਰੁਪਏ ਦਾ ਇਨਾਮ ਐਲਾਨ ਕੀਤਾ ਹੈ। ਇਨ੍ਹਾਂ 'ਚੋਂ ਮੁਹੰਮਦ ਅਮੀਨ 'ਤੇ 15 ਲੱਖ ਰੁਪਏ, ਰਿਜਾਯ ਅਹਿਮਦ ਅਤੇ ਮੁਦਸਿਰ ਹੁਸੈਨ ਦੋਹਾਂ 'ਤੇ 7.30-7.30 ਲੱਖ ਦਾ ਇਨਾਮ ਰੱਖਿਆ ਗਿਆ ਹੈ। ਪੁਲਸ ਨੂੰ ਇਨ੍ਹਾਂ ਤਿੰਨਾਂ ਦੀ ਤਲਾਸ਼ ਹੈ। ਪੁਲਸ ਅਨੁਸਾਰ ਉਕਤ ਅੱਤਵਾਦੀਆਂ ਬਾਰੇ ਜਾਣਕਾਰੀ ਦੇਣ  ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।

ਦੱਸਣਯੋਗ ਹੈ ਕਿ ਇਹ ਤਿੰਨੋਂ ਅੱਤਵਾਦੀ ਘਾਟੀ 'ਚ ਹੋਏ ਕਈ ਹਮਲਿਆਂ 'ਚ ਸ਼ਾਮਲ ਰਹੇ ਹਨ। ਤਿੰਨੋਂ ਹਿਜ਼ਬੁਲ ਮੁਜਾਹੀਦੀਨ ਨਾਲ ਜੁੜੇ ਦੱਸੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਸ਼੍ਰੀਨਗਰ ਦੇ ਕਾਕਾ ਸਰਾਏ ਇਲਾਕੇ 'ਚ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਸੁਰੱਖਿਆ ਫੋਰਸਾਂ 'ਤੇ ਗ੍ਰੇਨੇਡ ਨਾਲ ਹਮਲਾ ਕੀਤਾ ਸੀ। ਇਸ ਹਮਲੇ 'ਚ 6 ਜਵਾਨ ਜ਼ਖਮੀ ਹੋਏ ਸਨ। ਫੌਜ ਅਨੁਸਾਰ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਕਾਕਾ ਸਰਾਏ ਇਲਾਕੇ 'ਚ ਸੀ.ਆਰ.ਪੀ.ਐੱਫ. ਬੰਕਰ 'ਤੇ ਗ੍ਰੇਨੇਡ ਸੁੱਟਿਆ। ਇਹ ਹਮਲਾ ਕੇਰਨ ਸਿਟੀ ਪੁਲਸ ਸਟੇਸ਼ਨ 'ਤੇ ਸ਼ਾਮ 6.50 ਵਜੇ ਹੋਇਆ। ਜ਼ਖਮੀ ਜਵਾਨਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। 2 ਦਿਨ ਪਹਿਲਾਂ ਵੀ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਬੁੱਧਵਾਰ ਸ਼ਾਮ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਜਵਾਨਾਂ ਦੀ ਇਕ ਟੀਮ 'ਤੇ ਗ੍ਰੇਨੇਡ ਹਮਲਾ ਕੀਤਾ ਸੀ। ਕੁਲਗਾਮ ਜ਼ਿਲੇ ਦੇ ਚਵਲਗਾਮ ਇਲਾਕੇ 'ਚ ਹੋਏ ਇਸ ਅੱਤਵਾਦੀ ਹਮਲੇ 'ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦਾ ਇਕ ਜਵਾਨ ਜ਼ਖਮੀ ਹੋਇਆ ਹੈ।


author

DIsha

Content Editor

Related News