ਸੱਤਿਆਪਾਲ ਮਲਿਕ ਨੇ ਕਿਹਾ- ਅਫਵਾਹਾਂ ''ਤੇ ਨਾ ਦਿਉ ਧਿਆਨ ਅਤੇ ਸ਼ਾਂਤੀ ਬਣਾ ਕੇ ਰੱਖੋ

08/03/2019 12:47:31 PM

ਸ਼੍ਰੀਨਗਰ— ਜੰਮੂ-ਕਸ਼ਮੀਰ ਵਿਚ ਸਰਕਾਰ ਵਲੋਂ ਜਾਰੀ ਸਕਿਓਰਿਟੀ ਐਡਵਾਇਜ਼ਰੀ ਤੋਂ ਬਾਅਦ ਪੈਦਾ ਹੋਏ ਤਣਾਅਪੂਰਨ ਮਾਹੌਲ ਦਰਮਿਆਨ ਪੀ. ਡੀ. ਪੀ. ਮੁਖੀ ਮਹਿਬੂਬਾ ਮੁਫਤੀ ਅਤੇ ਸ਼ਾਹ ਫੈਸਲ ਸਮੇਤ ਸੂਬੇ ਦੇ ਨੇਤਾਵਾਂ ਨੇ ਸ਼ੁੱਕਰਵਾਰ ਦੇਰ ਰਾਤ ਰਾਜਪਾਲ ਸੱਤਿਆਪਾਲ ਮਲਿਕ ਨਾਲ ਮੁਲਾਕਾਤ ਕੀਤੀ। ਨੇਤਾਵਾਂ ਨੇ ਕਸ਼ਮੀਰ ਵਿਚ ਡਰ ਵਾਲੇ ਵਾਤਾਵਰਣ 'ਤੇ ਚਿੰਤਾ ਜ਼ਾਹਰ ਕੀਤੀ। ਕਸ਼ਮੀਰੀ ਨੇਤਾਵਾਂ ਦੀ ਚਿੰਤਾ 'ਤੇ ਰਾਜਪਾਲ ਨੇ ਉਨ੍ਹਾਂ ਨੂੰ ਅਫਵਾਹਾਂ 'ਤੇ ਧਿਆਨ ਨਾ ਦੇਣ ਦੀ ਸਲਾਹ ਦਿੱਤੀ। ਰਾਜਪਾਲ ਮਲਿਕ ਨੇ ਕਿਹਾ ਕਿ ਅਮਰਨਾਥ ਯਾਤਰੀਆਂ 'ਤੇ ਅੱਤਵਾਦੀ ਹਮਲਾ ਹੋਣ ਦੀ ਸੂਚਨਾ ਮਿਲੀ ਸੀ। ਇਸ ਵਜ੍ਹਾ ਤੋਂ ਅਮਰਨਾਥ ਯਾਤਰੀਆਂ ਅਤੇ ਸੈਲਾਨੀਆਂ ਨੂੰ ਘਾਟੀ ਤੋਂ ਵਾਪਸ ਪਰਤਣ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਫੌਜ ਅਤੇ ਸੁਰੱਖਿਆ ਫੋਰਸ ਅੱਤਵਾਦੀਆਂ ਦੇ ਕਿਸੇ ਵੀ ਹਮਲੇ ਨੂੰ ਅਸਫਲ ਬਣਾਉਣ ਵਿਚ ਸਮਰੱਥ ਹੈ ਅਤੇ ਉਨ੍ਹਾਂ ਦੇ ਕਿਸੇ ਵੀ ਨਾਪਾਕ ਇਰਾਦੇ ਨੂੰ ਸਫਲ ਨਹੀਂ ਹੋਣ ਦੇਣਗੇ।

ਰਾਜਪਾਲ ਨੇ ਕਿਹਾ ਕਿ ਇਹ ਜ਼ਿੰਮੇਵਾਰੀ ਸਰਕਾਰ ਦੀ ਹੈ ਕਿ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਕਿਸੇ ਵੀ ਖਤਰੇ ਨੂੰ ਦੇਖਦੇ ਹੋਏ ਸਰਕਾਰ ਨੇ ਯਾਤਰੀਆਂ ਅਤੇ ਸੈਲਾਨੀਆਂ ਨੂੰ ਕਸ਼ਮੀਰ ਛੱਡਣ ਲਈ ਕਿਹਾ ਹੈ। ਮਲਿਕ ਨੇ ਸਾਰੇ ਸਿਆਸੀ ਦਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਸਮਰਥਕਾਂ ਨੂੰ ਸਮਝਾਉਣ ਅਤੇ ਅਫਵਾਹਾਂ 'ਤੇ ਧਿਆਨ ਨਾ ਦੇਣ। ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਰਾਜਪਾਲ ਨੇ ਇਹ ਵੀ ਕਿਹਾ ਕਿ ਧਾਰਾ-35ਏ ਨੂੰ ਰੱਦ ਕਰਨ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ।


Tanu

Content Editor

Related News