ਗਰਮੀਆਂ ’ਚ ਜਲਦੀ ਬੀਮਾਰ ਹੁੰਦੇ ਨੇ ਬੱਚੇ, ਇੰਝ ਰੱਖੋ ਸਿਹਤ ਦਾ ਧਿਆਨ

04/06/2024 1:10:02 PM

ਜਲੰਧਰ (ਬਿਊਰੋ)– ਬੱਚੇ ਸਾਲ ਭਰ ਗਰਮੀਆਂ ਦੀਆਂ ਛੁੱਟੀਆਂ ਦਾ ਇੰਤਜ਼ਾਰ ਕਰਦੇ ਹਨ ਕਿਉਂਕਿ ਇਹ ਉਹ ਸਮਾਂ ਹੈ ਜਦੋਂ ਉਹ ਖੁੱਲ੍ਹ ਕੇ ਮਸਤੀ ਕਰ ਸਕਦੇ ਹਨ। ਬੱਚੇ ਗਰਮੀਆਂ ਦੀਆਂ ਛੁੱਟੀਆਂ ’ਤੇ ਜਾਂਦੇ ਹਨ ਜਾਂ ਬਾਹਰੀ ਗਤੀਵਿਧੀਆਂ ’ਚ ਜ਼ਿਆਦਾ ਸਮਾਂ ਬਿਤਾਉਂਦੇ ਹਨ। ਇਸ ਦੌਰਾਨ ਉਹ ਖ਼ੂਬ ਮਸਤੀ ਕਰਦੇ ਹਨ ਪਰ ਉਨ੍ਹਾਂ ਨੂੰ ਕੁਝ ਸਮੱਸਿਆਵਾਂ ਹੋਣ ਦਾ ਖ਼ਤਰਾ ਵੀ ਕਾਫੀ ਵੱਧ ਜਾਂਦਾ ਹੈ। ਖ਼ਾਸ ਕਰਕੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਈ. ਐੱਨ. ਟੀ. (ਕੰਨ, ਨੱਕ ਤੇ ਗਲਾ) ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਉਣ ਦੀ ਲੋੜ ਹੈ ਤੇ ਬੱਚਿਆਂ ਦੀ ਸਿਹਤ ਦਾ ਵਿਸ਼ੇਸ਼ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਸਿਹਤ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਵੀ ਕਿਤੇ ਨਾ ਕਿਤੇ ਉਨ੍ਹਾਂ ਦੇ ਸਰੀਰਕ ਵਿਕਾਸ ’ਤੇ ਅਸਰ ਪਾਉਂਦੀਆਂ ਹਨ। ਅੱਡ ਅਸੀਂ ਕੁਝ ਅਜਿਹੇ ਰੋਕਥਾਮ ਦੇ ਤਰੀਕੇ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਜੇਕਰ ਤੁਹਾਡੇ ਘਰ ’ਚ ਬੱਚੇ ਹਨ ਤੇ ਉਨ੍ਹਾਂ ਨੂੰ ਹੇਠ ਲਿਖੀਆਂ ਸਿਹਤ ਸਮੱਸਿਆਵਾਂ ਹਨ ਤਾਂ ਤੁਸੀਂ ਇਸ ਤਰੀਕੇ ਨਾਲ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖ ਸਕਦੇ ਹੋ–

ਐਲਰਜਿਕ ਰਾਈਨਾਇਟਿਸ
ਗਰਮੀਆਂ ਦੌਰਾਨ ਐਲਰਜੀ ਸਬੰਧੀ ਸਮੱਸਿਆਵਾਂ ਆਮ ਹੁੰਦੀਆਂ ਹਨ। ਐਲਰਜਿਕ ਰਾਈਨਾਇਟਿਸ ਨੂੰ ਹੇ ਫੀਵਰ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ। ਇਹ ਛਿੱਕ, ਖੁਜਲੀ, ਨੱਕ ਬੰਦ ਹੋਣਾ ਤੇ ਅੱਖਾਂ ’ਚ ਪਾਣੀ ਦਾ ਕਾਰਨ ਬਣਦਾ ਹੈ। ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚਣ ਲਈ ਮਾਪਿਆਂ ਨੂੰ ਖਿੜਕੀਆਂ ਬੰਦ ਰੱਖਣੀਆਂ ਚਾਹੀਦੀਆਂ ਹਨ, ਘਰ ’ਚ ਏਅਰ ਪਿਊਰੀਫਾਇਰ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਬੱਚੇ ਪਹਿਲਾਂ ਤੋਂ ਜਾਣੀਆਂ ਗਈਆਂ ਐਲਰਜੀਜ਼ ਦੇ ਸੰਪਰਕ ’ਚ ਨਾ ਆਉਣ।

ਸਾਇਨੋਸਾਇਟਿਸ
ਸਾਇਨਸ ਕੈਵਿਟੀ ਦੀ ਸੋਜ ਕਾਰਨ ਸਾਇਨੋਟਾਇਟਿਸ ਹੁੰਦਾ ਹੈ। ਇਹ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੀ ਹੋ ਸਕਦਾ ਹੈ। ਵਾਰ-ਵਾਰ ਤੈਰਾਕੀ ਤੇ ਕਲੋਰੀਨ ਦੇ ਸੰਪਰਕ ’ਚ ਆਉਣ ਨਾਲ ਨੱਕ ਦੇ ਰਸਤਿਆਂ ’ਚ ਸਾੜ ਪੈ ਸਕਦਾ ਹੈ, ਜਿਸ ਨਾਲ ਸਾਈਨਸ ਦੀ ਰੁਕਾਵਟ ਤੇ ਬਾਅਦ ’ਚ ਇੰਫੈਕਸ਼ਨ ਹੋ ਸਕਦੀ ਹੈ।

ਏਡੇਨੋਇਡਸ ਸਮੱਸਿਆ
ਏਡੇਨੋਇਡਸ ਨੱਕ ਦੇ ਪਿਛਲੇ ਪਾਸੇ ਸਥਿਤ ਛੋਟੇ ਟਿਸ਼ੂ ਹੁੰਦੇ ਹਨ ਤੇ ਇਹ ਇੰਫੈਕਸ਼ਨ ਪ੍ਰਤੀ ਇਮਿਊਨ ਸਿਸਟਮ ਦੀ ਪ੍ਰਤੀਕਿਰਿਆ ’ਚ ਇਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਗਰਮੀਆਂ ਦੌਰਾਨ ਇੰਫੈਕਸ਼ਨ ਜਾਂ ਐਲਰਜੀ ਦੇ ਕਾਰਨ ਏਡੇਨੋਇਡਸ ਵੱਡੇ ਹੋ ਸਕਦੇ ਹਨ, ਜਿਸ ਨਾਲ ਨੱਕ ਬੰਦ ਹੋਣਾ, ਘੁਰਾੜੇ ਤੇ ਸਾਹ ਲੈਣ ’ਚ ਮੁਸ਼ਕਿਲ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਬੱਚਿਆਂ ਨੂੰ ਸਾਹ ਲੈਣ ’ਚ ਲਗਾਤਾਰ ਸਮੱਸਿਆਵਾਂ ਜਾਂ ਹੋਰ ਏਡੇਨੋਇਡ ਨਾਲ ਸਬੰਧਤ ਲੱਛਣਾਂ ਦਾ ਅਹਿਸਾਸ ਹੁੰਦਾ ਹੈ ਤਾਂ ਉਨ੍ਹਾਂ ਨੂੰ ਇਕ ENT ਮਾਹਿਰ ਨੂੰ ਮਿਲਣਾ ਚਾਹੀਦਾ ਹੈ।

ਟੌਨਸਿਲਾਇਟਿਸ
ਗਰਮੀਆਂ ਦੇ ਮੌਸਮ ’ਚ ਅਕਸਰ ਟੌਨਸਿਲਾਇਟਿਸ ਦੇ ਮਾਮਲੇ ਵੱਧ ਜਾਂਦੇ ਹਨ। ਇਨ੍ਹਾਂ ’ਚ ਸੋਜ ਤੇ ਸੋਜ ਵਾਲੇ ਟੌਨਸਿਲ, ਗਲੇ ’ਚ ਖਰਾਸ਼ ਤੇ ਖਾਣਾ ਖਾਣ ’ਚ ਮੁਸ਼ਕਿਲ ਆਉਂਦੀ ਹੈ। ਜਲਵਾਯੂ ਤਬਦੀਲੀ ਜਾਂ AC ਕਾਰਨ ਬੈਕਟੀਰੀਆ ਜਾਂ ਵਾਇਰਲ ਇੰਫੈਕਸ਼ਨ ਹੋ ਜਾਂਦਾ ਹੈ, ਜਿਸ ਕਾਰਨ ਇਹ ਸਮੱਸਿਆ ਵਧਦੀ ਹੈ। ਅਜਿਹੇ ਮਾਮਲਿਆਂ ਨੂੰ ਰੋਕਣ ਲਈ ਹਾਈਡ੍ਰੇਸ਼ਨ ਬਣਾਈ ਰੱਖੋ, ਠੰਡੇ ਪੀਣ ਵਾਲੇ ਪਦਾਰਥਾਂ ਤੋਂ ਪ੍ਰਹੇਜ਼ ਕਰੋ ਤੇ ਸੰਤੁਲਿਤ ਖੁਰਾਕ ਲਓ।

ਡੀਹਾਈਡ੍ਰੇਸ਼ਨ ਤੇ ਸੁੱਕਾ ਗਲਾ
ਗਰਮੀਆਂ ਦੇ ਮੌਸਮ ’ਚ ਬੱਚੇ ਅਕਸਰ ਘਰੋਂ ਬਾਹਰ ਜ਼ਿਆਦਾ ਸਮਾਂ ਬਿਤਾਉਂਦੇ ਹਨ ਪਰ ਉਹ ਜ਼ਿਆਦਾ ਤਰਲ ਪਦਾਰਥ ਨਹੀਂ ਪੀ ਪਾਉਂਦੇ। ਇਸ ਨਾਲ ਉਨ੍ਹਾਂ ਦਾ ਗਲਾ ਸੁੱਕ ਸਕਦਾ ਹੈ, ਜਿਸ ਨਾਲ ਬੱਚਿਆਂ ਨੂੰ ਗਲੇ ਦੀ ਇੰਫੈਕਸ਼ਨ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਇਹ ਯਕੀਨੀ ਕਰੋ ਕਿ ਬੱਚੇ ਬਹੁਤ ਸਾਰਾ ਪਾਣੀ ਪੀਂਦੇ ਹਨ ਤੇ ਬਹੁਤ ਸਾਰੇ ਹਾਈਡ੍ਰੇਟਿਡ ਭੋਜਨ ਜਿਵੇਂ ਕਿ ਫਲ਼ ਤੇ ਸਬਜ਼ੀਆਂ ਖਾਂਦੇ ਹਨ।

ਇੰਫਲੂਏਂਜ਼ਾ (ਫਲੂ)
ਹਾਲਾਂਕਿ ਫਲੂ ਸਰਦੀਆਂ ਦੇ ਮੌਸਮ ਨਾਲ ਜੁੜਿਆ ਹੋਇਆ ਹੈ ਪਰ ਬੱਚੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੀ ਫਲੂ ਦੀ ਲਪੇਟ ’ਚ ਆ ਸਕਦੇ ਹਨ। AC ਵਾਲਾ ਮਾਹੌਲ, ਭੀੜ-ਭੜੱਕੇ ਵਾਲੀਆਂ ਥਾਵਾਂ ਤੇ ਯਾਤਰਾ ਵੀ ਤੁਹਾਨੂੰ ਇੰਫਲੂਏਂਜ਼ਾ ਵਾਇਰਸ ਨੂੰ ਫੜਨ ਦੇ ਜ਼ੋਖਮ ’ਚ ਪਾਉਂਦੀ ਹੈ। ਅਜਿਹੀ ਸਥਿਤੀ ’ਚ ਸਾਰੇ ਮਾਪਿਆਂ ਲਈ ਆਪਣੇ ਬੱਚਿਆਂ ਨੂੰ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ ਤਾਂ ਜੋ ਇੰਫੈਕਸ਼ਨ ਦੇ ਜ਼ੋਖਮ ਨੂੰ ਘੱਟ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਫਾਈ ਦਾ ਧਿਆਨ ਰੱਖੋ, ਬੀਮਾਰ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ, ਇਸ ਤਰ੍ਹਾਂ ਕਰਨ ਨਾਲ ਫਲੂ ਤੋਂ ਵੀ ਬਚਿਆ ਜਾ ਸਕਦਾ ਹੈ।

ਮਿਡਲ ਏਅਰ ਇੰਫੈਕਸ਼ਨ
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲੋਕ ਬੱਚਿਆਂ ਨਾਲ ਘੁੰਮਦੇ ਹਨ। ਹਵਾਈ ਸਫਰ ਕਰਦੇ ਸਮੇਂ ਉਚਾਈ ’ਚ ਬਦਲਾਅ ਹੁੰਦਾ ਹੈ, ਜਿਸ ਕਾਰਨ ਕੰਨ ਦੇ ਅੰਦਰ ਤਰਲ ਪਦਾਰਥ ਜਮ੍ਹਾ ਹੋਣ ਤੇ ਫਿਰ ਇੰਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ। ਇਸ ਲਈ ਜਹਾਜ਼ ਦੇ ਟੇਕਆਫ ਤੇ ਲੈਂਡਿੰਗ ਦੌਰਾਨ ਬੱਚਿਆਂ ਨੂੰ ਕੁਝ ਚਬਾਉਣ ਲਈ ਕਿਹਾ ਜਾਣਾ ਚਾਹੀਦਾ ਹੈ ਤਾਂ ਜੋ ਦਬਾਅ ਨੂੰ ਸੰਤੁਲਿਤ ਕੀਤਾ ਜਾ ਸਕੇ। ਜੇਕਰ ਕੰਨ ’ਚ ਦਰਦ ਵੱਧ ਜਾਵੇ ਤਾਂ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।

ਓਟਾਇਟਿਸ ਐਕਸਟਰਨਾ
ਗਰਮੀਆਂ ’ਚ ਬੱਚੇ ਸਵੀਮਿੰਗ, ਵਾਟਰ ਪਾਰਕ ’ਚ ਜਾਣ ਵਰਗੀਆਂ ਗਤੀਵਿਧੀਆਂ ਵੀ ਕਰਦੇ ਹਨ। ਪਾਣੀ ’ਚ ਬਹੁਤ ਜ਼ਿਆਦਾ ਸਮਾਂ ਬਿਤਾਉਣ ਨਾਲ ਕਈ ਵਾਰ ਬੱਚਿਆਂ ਨੂੰ ਓਟਾਇਟਿਸ ਐਕਸਟਰਨਾ ਜਾਂ ਸਵੀਮਰਸ ਈਅਰ ਦੀ ਸਮੱਸਿਆ ਹੋ ਸਕਦੀ ਹੈ। ਇਹ ਇੰਫੈਕਸ਼ਨ ਉਦੋਂ ਹੁੰਦਾ ਹੈ, ਜਦੋਂ ਬੈਕਟੀਰੀਆ ਜਾਂ ਫੰਗਸ ਕੰਨ ’ਚ ਦਾਖ਼ਲ ਹੁੰਦੇ ਹਨ। ਅਜਿਹੇ ’ਚ ਬੱਚਿਆਂ ਨੂੰ ਤੈਰਾਕੀ ਕਰਦੇ ਸਮੇਂ ਈਅਰ ਪਲੱਗ ਲਗਾਉਣਾ ਚਾਹੀਦਾ ਹੈ ਤੇ ਬਾਹਰ ਆਉਣ ’ਤੇ ਆਪਣੇ ਕੰਨਾਂ ਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ’ਚ ਪਾਣੀ ਲੀਕ ਹੋਣ ਵਰਗੀ ਸਮੱਸਿਆ ਹੈ ਤਾਂ ਇਸ ਨਾਲ ਨਾ ਸਿਰਫ ਘਰ ਦੀ ਖ਼ੂਬਸੂਰਤੀ ਖ਼ਰਾਬ ਹੁੰਦੀ ਹੈ, ਸਗੋਂ ਤੁਹਾਡੇ ਬੱਚੇ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਇਸ ਸਥਿਤੀ ਨੂੰ ਘਰ ’ਚ ਨਾ ਹੋਣ ਦਿਓ, ਇਕ ਸਿਹਤਮੰਦ ਅੰਦਰੂਨੀ ਵਾਤਾਵਰਣ ਬਣਾਓ ਤਾਂ ਜੋ ਗਿੱਲੇਪਣ ਦੀ ਸੰਭਾਵਨਾ ਘੱਟ ਰਹੇ। ਸੁੱਕਾ ਤੇ ਸਾਫ਼ ਘਰ ਬੱਚਿਆਂ ਨੂੰ ਸਾਹ ਦੀਆਂ ਬੀਮਾਰੀਆਂ, ਐਲਰਜੀ ਤੇ ਚਮੜੀ ਦੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ।

ਨੋਟ– ਗਰਮੀਆਂ ਦੀਆਂ ਛੁੱਟੀਆਂ ਬੱਚਿਆਂ ਲਈ ਆਨੰਦ ਲੈਣ ਦਾ ਸਮਾਂ ਹੁੰਦਾ ਹੈ। ਅਜਿਹੀ ਸਥਿਤੀ ’ਚ ਮਾਪਿਆਂ ਨੂੰ ਵੀ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦਾ ਮਨੋਰੰਜਨ ਦਾ ਸਮਾਂ ਖ਼ਰਾਬ ਨਾ ਹੋਵੇ ਤੇ ਈ. ਐੱਨ. ਟੀ. ਨਾਲ ਸਬੰਧਤ ਸਮੱਸਿਆਵਾਂ ਨਾ ਆਉਣ। ਕੰਨ ਪਲੱਗ, ਨੱਕ ਦੀ ਚੰਗੀ ਸਫਾਈ, ਲੋੜੀਂਦਾ ਪਾਣੀ ਪੀਣਾ, ਫਲੂ ਦੀ ਵੈਕਸੀਨ ਲਗਵਾਉਣ ਵਰਗੇ ਸਾਵਧਾਨੀ ਵਾਲੇ ਉਪਾਅ ਕਰਕੇ ਬੱਚਿਆਂ ਨੂੰ ਆਮ ਈ. ਐੱਨ. ਟੀ. ਸਮੱਸਿਆਵਾਂ ਤੋਂ ਬਚਾਇਆ ਜਾ ਸਕਦਾ ਹੈ। ਜੇਕਰ ਕੋਈ ਲੱਛਣ ਵਧਣ ਜਾਂ ਗੰਭੀਰ ਹੋ ਜਾਣ ਤਾਂ ਉਨ੍ਹਾਂ ਨੂੰ ENT ਮਾਹਿਰ ਨੂੰ ਜ਼ਰੂਰ ਦਿਖਾਓ ਤੇ ਇਸ ਗਰਮੀ ਦੀਆਂ ਛੁੱਟੀਆਂ ਨੂੰ ਆਪਣੇ ਬੱਚਿਆਂ ਲਈ ਸਿਹਤਮੰਦ ਤੇ ਮਜ਼ੇਦਾਰ ਬਣਾਓ।


sunita

Content Editor

Related News