ਨਵੀਂ ਸਿੱਖਿਆ ਨੀਤੀ ਨੌਜਵਾਨਾਂ ਨੂੰ ਮਜ਼ਬੂਤ ਬਣਾਏਗੀ : ਮਨੋਜ ਸਿਨਹਾ
Monday, Sep 21, 2020 - 05:37 PM (IST)

ਜੰਮੂ- ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਹੈ ਕਿ ਨਵੀਂ ਸਿੱਖਿਆ ਨੀਤੀ ਨੌਜਵਾਨਾਂ ਨੂੰ ਮਜ਼ਬੂਤ ਬਣਾਏਗੀ ਅਤੇ ਪ੍ਰਦੇਸ਼ 'ਚ ਇਤਿਹਾਸਕ ਤਬਦੀਲੀ ਲਿਆਏਗੀ। ਸਿਨਹਾ ਨੇ ਸੋਮਵਾਰ ਨੂੰ ਪ੍ਰਦੇਸ਼ ਦੀ ਉੱਚ ਸਿੱਖਿਆ ਵਿਭਾਗ ਦੀ ਇਕਜੁਟਤਾ ਨਾਲ ਜੰਮੂ ਯੂਨੀਵਰਸਿਟੀ ਵਲੋਂ ਨਵੀਂ ਸਿੱਖਿਆ ਨੀਤੀ 2020 ਦੇ ਅਮਲ ਦੇ ਮੁੱਦੇ 'ਤੇ ਆਯੋਜਿਤ ਸੰਮੇਲਨ 'ਚ ਕਿਹਾ,''ਸਿੱਖਿਆ ਸਫ਼ਲਤਾ ਅਤੇ ਵਿਕਾਸ ਦੀ ਕੂੰਜੀ ਹੈ। ਅਸੀਂ ਚਾਹੁੰਦੇ ਹਾਂ ਕਿ ਜੰਮੂ-ਕਸ਼ਮੀਰ ਵਿਗਿਆਨ, ਉੱਦਮ, ਨਵੀਨੀਕਰਨ ਅਤੇ ਕੌਸ਼ਲ ਵਿਕਾਸ ਦਾ ਕੇਂਦਰ ਬਣੇ।'' ਉਨ੍ਹਾਂ ਨੇ ਕਿਹਾ,''ਨਵੀਂ ਸਿੱਖਿਆ ਨੀਤੀ ਰਾਸ਼ਟਰ ਨਿਰਮਾਣ ਲਈ ਨੌਜਵਾਨਾਂ ਨੂੰ ਮਜ਼ਬੂਤ ਬਣਾਏਗੀ।'' ਇਸ ਮੌਕੇ ਉਨ੍ਹਾਂ ਨੇ ਸਿੱਖਿਆ ਖੇਤਰ 'ਚ ਸੁਧਾਰ ਲਿਆਉਣ ਅਤੇ ਵਿਦਿਆਰਥੀਆਂ ਦੀ ਟਿਕਾਊ ਤਰੱਕੀ ਲਈ ਇਕ ਸੰਸਥਾਗਤ ਵਿਧੀ ਨੂੰ ਤਿਆਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ 2020 ਨਾ ਸਿਰਫ਼ ਇਤਿਹਾਸਕ ਦਸਤਾਵੇਜ਼ ਹੈ, ਸਗੋਂ ਪਹਿਲੀ ਵਾਰ ਇਸ ਨੂੰ ਪਰਿਵਾਰ ਵਾਲੇ, ਅਧਿਆਪਕ, ਵਿਦਿਆਰਥੀ ਅਤੇ ਸਿੱਖਿਆ ਮਾਹਰਾਂ ਦੀਆਂ ਇੱਛਾਵਾਂ ਦੇ ਅਨੁਰੂਪ ਬਣਾਇਆ ਗਿਆ ਹੈ, ਜਿਸ ਦਾ ਮਕਸਦ ਆਉਣ ਵਾਲੀਆਂ ਪੀੜ੍ਹੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ।
ਉੱਪ ਰਾਜਪਾਲ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ 'ਚ ਸਮਾਨਤਾ, ਗੁਣਵੱਤਾ, ਵਹਿਨ ਕਰਨ ਦੀ ਸਮਰੱਥਾ ਅਤੇ ਜਵਾਬਦੇਹੀ ਦੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ। ਇਹ ਅਨੁਭਵ ਆਧਾਰਤ ਸਿੱਖਿਆ ਅਤੇ ਸੋਚ ਦੇ ਮਾਧਿਅਮ ਨਾਲ ਵਿਅਕਤੀਗਤ ਵਿਕਾਸ ਨੂੰ ਉਤਸ਼ਾਹ ਦਿੰਦੀ ਹੈ। ਉਨ੍ਹਾਂ ਨੇ ਕਿਹਾ,''ਜਿਵੇਂ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਤਮਨਿਰਭਰ ਭਾਰਤ ਦੇ ਨਿਰਮਾਣ ਲਈ ਨੌਜਵਾਨਾਂ ਨੂੰ ਘੱਟ ਉਮਰ 'ਚ ਹੀ ਵਪਾਰਕ ਸਿਖਲਾਈ ਨੂੰ ਉਤਸ਼ਾਹ ਦੇਣ ਦੀ ਅਪੀਲ ਕੀਤੀ ਹੈ। ਵਪਾਰਕ ਪਾਠਕ੍ਰਮ ਸਾਨੂੰ ਕਾਲਜ ਤੋਂ ਲੈ ਕੇ ਕਾਰਜਸਥਾਨਾਂ ਤੱਕ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ 'ਚ ਮਦਦ ਕਰੇਗਾ।''