ਜੰਮੂ-ਕਸ਼ਮੀਰ: ਸ਼੍ਰੀਨਗਰ ''ਚ ''ਘੰਟਾਘਰ'' ''ਤੇ ਲਹਿਰਾਇਆ ਗਿਆ ਤਿਰੰਗਾ

Thursday, Aug 10, 2023 - 05:11 PM (IST)

ਜੰਮੂ-ਕਸ਼ਮੀਰ: ਸ਼੍ਰੀਨਗਰ ''ਚ ''ਘੰਟਾਘਰ'' ''ਤੇ ਲਹਿਰਾਇਆ ਗਿਆ ਤਿਰੰਗਾ

ਸ਼੍ਰੀਨਗਰ- ਸ਼੍ਰੀਨਗਰ 'ਚ ਆਜ਼ਾਦੀ ਦਿਹਾੜੇ ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਮੁਰੰਮਤ ਕੀਤੇ ਗਏ ਇਤਿਹਾਸਕ 'ਘੰਟਾਘਰ' 'ਤੇ ਵੀਰਵਾਰ ਨੂੰ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਅਧਿਕਾਰੀਆਂ ਮੁਤਾਬਕ ਸ਼ਹਿਰ ਦੇ ਮੱਧ  ਵਿਚ ਸਥਿਤ ਮਸ਼ਹੂਰ ਘੰਟਾਘਰ ਦਾ ਹਾਲ ਹੀ 'ਚ ਸ਼੍ਰੀਨਗਰ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਨਵੀਨੀਕਰਨ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ 76ਵੇਂ ਆਜ਼ਾਦੀ ਦਿਹਾੜੇ ਨੂੰ ਮਨਾਉਣ ਲਈ ਵੀਰਵਾਰ ਸਵੇਰੇ ਘੰਟਾਘਰ 'ਤੇ ਤਿਰੰਗਾ ਲਹਿਰਾਇਆ ਗਿਆ।

ਸ਼੍ਰੀਨਗਰ ਸਮਾਰਟ ਸਿਟੀ ਪ੍ਰਾਜੈਕਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤਹਰ ਅਮੀਰ ਖਾਨ ਨੇ ਦੱਸਿਆ ਕਿ ਰਾਸ਼ਟਰੀ ਝੰਡਾ ਲਹਿਰਾਉਣਾ ਸ਼ਹਿਰ ਲਈ ਇਕ ਇਤਿਹਾਸਕ ਪਲ ਸੀ। ਅਤਹਰ ਆਮਿਰ ਖਾਨ ਨੇ ਕਿਹਾ ਕਿ ਸ਼੍ਰੀਨਗਰ ਦੇ ਘੰਟਾਘਰ ਅਤੇ ਲਾਲ ਚੌਕ ਬਹੁਤ ਹੀ ਪ੍ਰਸਿੱਧ ਸਥਾਨ ਹਨ, ਜਿਨ੍ਹਾਂ ਨੂੰ ਅਜ਼ਾਦੀ ਦਾ ਅੰਮ੍ਰਿਤ ਮਹੋਤਸਵ ਮੁਹਿੰਮ ਤਹਿਤ ਤਿਰੰਗੇ ਨਾਲ ਸਜਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਕਈ ਥਾਵਾਂ ਨੂੰ ਸਜਾਇਆ ਜਾ ਰਿਹਾ ਹੈ ਕਿਉਂਕਿ ਲੋਕ ਤਿਰੰਗਾ ਰੈਲੀਆਂ ਕੱਢ ਕੇ 'ਅੰਮ੍ਰਿਤ ਮਹੋਤਸਵ' ਮਨਾ ਰਹੇ ਹਨ।

ਸ਼੍ਰੀਨਗਰ ਦੇ ਵਪਾਰਕ ਹੱਬ ਲਾਲ ਚੌਕ ਖੇਤਰ 'ਚ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਪੁੱਛੇ ਜਾਣ 'ਤੇ ਖਾਨ ਨੇ ਕਿਹਾ ਕਿ ਇਹ ਪ੍ਰਾਜੈਕਟ ਆਪਣੇ ਅੰਤਿਮ ਪੜਾਅ 'ਤੇ ਹੈ ਅਤੇ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਇਸ ਦਾ ਉਦਘਾਟਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਲਾਲ ਚੌਕ ਦਾ ਕੰਮ ਲਗਭਗ ਪੂਰਾ ਕਰ ਲਿਆ ਹੈ। ਚਾਰ-ਪੰਜ ਦਿਨਾਂ ਦੀ ਗੱਲ ਹੈ। ਕੰਮ ਆਪਣੇ ਅੰਤਿਮ ਪੜਾਅ 'ਤੇ ਹੈ। ਅਸੀਂ 15 ਅਗਸਤ ਤੋਂ ਪਹਿਲਾਂ ਕੰਮ ਪੂਰਾ ਕਰ ਲਵਾਂਗੇ ਅਤੇ ਉਸ ਤੋਂ ਪਹਿਲਾਂ ਇਸ ਦਾ ਉਦਘਾਟਨ ਕੀਤਾ ਜਾਵੇਗਾ।


author

Tanu

Content Editor

Related News