ਮਾਤਾ ਵੈਸ਼ਣੋ ਦੇਵੀ ਨੇੜੇ ਤ੍ਰਿਕੁਟਾ ਪਹਾੜੀਆਂ ''ਚ ਲੱਗੀ ਭਿਆਨਕ ਅੱਗ (ਤਸਵੀਰਾਂ)
Thursday, May 19, 2022 - 11:02 AM (IST)
ਜੰਮੂ (ਵਾਰਤਾ)- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ 'ਚ ਰਿਆਸੀ ਜ਼ਿਲ੍ਹੇ ਦ ਕੱਟੜਾ ਕਸਬੇ 'ਚ ਸ਼੍ਰੀ ਮਾਤਾ ਵੈਸ਼ਣੋ ਦੇਵੀ ਦੀਆਂ ਤ੍ਰਿਕੁਟਾ ਪਹਾੜੀਆਂ 'ਚ ਬੁੱਧਵਾਰ ਸ਼ਾਮ ਭਿਆਨਕ ਅੱਗ ਲੱਗ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਅੱਗ ਪਿਛਲੇ 2 ਦਿਨਾਂ ਤੋਂ ਜਾਰੀ ਹੈ ਅਤੇ ਬੁੱਧਵਾਰ ਸ਼ਾਮ ਤੱਕ ਇਹ ਪਹਾੜੀ ਦੇ ਪ੍ਰਮੁੱਖ ਹਿੱਸਿਆਂ 'ਚ ਤੇਜ਼ੀ ਨਾਲ ਫੈਲ ਗਈ। ਉਨ੍ਹਾਂ ਕਿਹਾ,''ਪੁਲਸ ਦਲ, ਸੀ.ਆਰ.ਪੀ.ਐੱਫ. ਦੇ ਜਵਾਨ, ਸ਼ਰਾਇਨ ਬੋਰਡ ਦੇ ਜਵਾਨ ਫਾਇਰ ਬ੍ਰਿਗੇਡ ਕਰਮੀ ਪਾਣੀ ਦੀਆਂ ਵਾਛੜਾਂ ਅਤੇ ਹੋਰ ਉਪਕਰਣਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਲਈ ਕੰਮ ਕਰ ਰਹੇ ਹਨ।''
ਇਸ ਦੌਰਾਨ, ਬੈਟਰੀ ਕਾਰ ਸੇਵਾ ਨੂੰ ਵੀ ਨਵੇਂ ਟਰੈਕ ਤੋਂ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ,''ਫਾਇਰ ਬ੍ਰਿਗੇਡ ਦਲ ਤੀਰਥ ਯਾਤਰੀਆਂ ਦੀ ਸੁਰੱਖਿਆ ਲਈ ਸਾਰੇ ਉਪਾਅ ਕਰ ਰਹੇ ਹਨ।'' ਇਸ ਵਿਚ ਸ਼ਰਾਇਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ ਨੇ ਦੱਸਿਆ,''ਰਵਾਇਤੀ ਰਸਤੇ ਤੋਂ ਯਾਤਰਾ ਸਹੀ ਢੰਗ ਨਾਲ ਜਾਰੀ ਹੈ। ਨਵੇਂ ਟਰੈਕ 'ਤੇ ਵੀ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।'' ਕੱਟੜਾ ਦੇ ਸੂਤਰਾਂ ਨੇ ਕਿਹਾ ਕਿ ਯਾਤਰਾ ਕੁਝ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਸੀ ਅਤੇ ਤੀਰਥ ਯਾਤਰੀਆਂ ਨੂੰ ਚੌਕਸੀ ਵਜੋਂ ਸ਼੍ਰੀ ਮਾਤਾ ਵੈਸ਼ਣੋ ਦੇਵੀ ਭਵਨ ਦੇ ਆਧਾਰ ਕੈਂਪ ਕੱਟੜਾ ਸ਼ਹਿਰ 'ਚ ਰੁਕਣ ਲਈ ਕਿਹਾ ਗਿਆ ਸੀ।