ਵਿਦੇਸ਼ ਮੰਤਰੀ ਜੈਸ਼ੰਕਰ ਕੱਲ੍ਹ ਤੋਂ ਯੁਗਾਂਡਾ ਤੇ ਮੋਜ਼ਾਮਬੀਕ ਦੇ 6 ਦਿਨਾ ਦੌਰੇ 'ਤੇ, ਇਨ੍ਹਾਂ ਮੁੱਦਿਆਂ 'ਤੇ ਕਰਨਗੇ ਗੱਲ

04/09/2023 7:44:33 PM

ਇੰਟਰਨੈਸ਼ਨਲ ਡੈਸਕ : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਸੋਮਵਾਰ ਨੂੰ ਯੁਗਾਂਡਾ ਅਤੇ ਮੋਜ਼ਾਮਬੀਕ ਦੇ 6 ਦਿਨਾ ਦੌਰੇ 'ਤੇ ਰਵਾਨਾ ਹੋਣਗੇ। ਵਿਦੇਸ਼ ਮੰਤਰਾਲੇ (MEA) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। MEA ਦੇ ਅਨੁਸਾਰ ਵਿਦੇਸ਼ ਮੰਤਰੀ ਦੀ ਪਹਿਲੀ ਮੰਜ਼ਿਲ ਯੁਗਾਂਡਾ ਹੋਵੇਗੀ। ਮੰਤਰਾਲੇ ਨੇ ਕਿਹਾ, ''ਵਿਦੇਸ਼ ਮੰਤਰੀ 10 ਤੋਂ 12 ਅਪ੍ਰੈਲ ਤੱਕ ਯੁਗਾਂਡਾ ਦੇ ਦੌਰੇ 'ਤੇ ਹੋਣਗੇ। ਇਸ ਦੌਰਾਨ ਉਨ੍ਹਾਂ ਵੱਲੋਂ ਯੁਗਾਂਡਾ ਦੇ ਵਿਦੇਸ਼ ਮੰਤਰੀ ਜਨਰਲ ਜੇਜੇ ਓਡੋਂਗੋ ਨਾਲ ਵਫ਼ਦ ਪੱਧਰੀ ਗੱਲਬਾਤ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਦੇ ਦੇਸ਼ ਦੀ ਲੀਡਰਸ਼ਿਪ ਅਤੇ ਹੋਰ ਮੰਤਰੀਆਂ ਨਾਲ ਵੀ ਮੁਲਾਕਾਤ ਦੀ ਸੰਭਾਵਨਾ ਹੈ।" ਮੰਤਰਾਲੇ ਦੇ ਅਨੁਸਾਰ ਜੈਸ਼ੰਕਰ ਜਿੰਜਾ (ਯੁਗਾਂਡਾ) ਵਿੱਚ ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ (NFSU) ਦੇ ਟਰਾਂਜ਼ਿਟ ਕੈਂਪਸ ਦਾ ਉਦਘਾਟਨ ਵੀ ਕਰਨਗੇ।

ਇਹ ਵੀ ਪੜ੍ਹੋ : ਦਿੱਲੀ-NCR 'ਚ ਘਟੀਆਂ CNG ਦੀਆਂ ਕੀਮਤਾਂ, ਜਾਣੋ ਨਵੇਂ ਰੇਟ

MEA ਨੇ ਦੱਸਿਆ ਕਿ ਜੈਸ਼ੰਕਰ ਦੀ ਫੇਰੀ ਦੌਰਾਨ ਭਾਰਤ ਤੋਂ ਬਾਹਰ NFSU ਦਾ ਪਹਿਲਾ ਕੈਂਪਸ ਸਥਾਪਤ ਕਰਨ ਲਈ ਭਾਰਤ ਅਤੇ ਯੁਗਾਂਡਾ ਦਰਮਿਆਨ ਇਕ ਸਹਿਮਤੀ ਪੱਤਰ (MoU) 'ਤੇ ਹਸਤਾਖਰ ਕੀਤੇ ਜਾਣ ਦੀ ਉਮੀਦ ਹੈ। ਮੰਤਰਾਲੇ ਦੇ ਅਨੁਸਾਰ ਜੈਸ਼ੰਕਰ ਯੁਗਾਂਡਾ ਵਿੱਚ ਸੂਰਜੀ ਊਰਜਾ 'ਤੇ ਆਧਾਰਿਤ ਜਲ ਸਪਲਾਈ ਪ੍ਰੋਜੈਕਟ ਦੇ ਨੀਂਹ ਪੱਥਰ ਸਮਾਗਮ ਵਿੱਚ ਵੀ ਹਿੱਸਾ ਲੈਣਗੇ। MEA ਨੇ ਦੱਸਿਆ ਕਿ ਵਿਦੇਸ਼ ਮੰਤਰੀ ਯੁਗਾਂਡਾ ਦੇ ਵਪਾਰਕ ਵਰਗ ਨੂੰ ਸੰਬੋਧਨ ਕਰਨ ਅਤੇ ਭਾਰਤੀ ਪ੍ਰਵਾਸੀਆਂ ਨਾਲ ਗੱਲਬਾਤ ਕਰਨ ਵਾਲੇ ਹਨ। ਮੰਤਰਾਲੇ ਮੁਤਾਬਕ ਵਿਦੇਸ਼ ਮੰਤਰੀ 13 ਤੋਂ 15 ਅਪ੍ਰੈਲ ਤੱਕ ਮੋਜ਼ਾਮਬੀਕ ਦਾ ਦੌਰਾ ਕਰਨਗੇ।

ਇਹ ਵੀ ਪੜ੍ਹੋ : ਕੀਨੀਆ 'ਚ ਭਿਆਨਕ ਸੜਕ ਹਾਦਸਾ, ਰਾਹਗੀਰਾਂ 'ਤੇ ਚੜ੍ਹਿਆ ਟਰੱਕ, 7 ਦੀ ਮੌਤ

ਭਾਰਤ ਦੇ ਕਿਸੇ ਵਿਦੇਸ਼ ਮੰਤਰੀ ਦੀ ਮੋਜ਼ਾਮਬੀਕ ਦੀ ਇਹ ਪਹਿਲੀ ਯਾਤਰਾ ਹੋਵੇਗੀ। MEA ਦੇ ਅਨੁਸਾਰ ਮੋਜ਼ਾਮਬੀਕ ਵਿੱਚ ਜੈਸ਼ੰਕਰ ਵਿਦੇਸ਼ ਮੰਤਰੀ ਵੇਰੋਨਿਕਾ ਮੈਕਾਮੋ ਦੇ ਨਾਲ ਸੰਯੁਕਤ ਕਮਿਸ਼ਨ ਦੀ ਬੈਠਕ ਦੇ 5ਵੇਂ ਸੈਸ਼ਨ ਦੀ ਸਹਿ-ਪ੍ਰਧਾਨਗੀ ਕਰਨਗੇ। ਇਸ ਤੋਂ ਇਲਾਵਾ ਦੇਸ਼ ਦੀ ਚੋਟੀ ਦੀ ਲੀਡਰਸ਼ਿਪ ਨਾਲ ਵੀ ਮੁਲਾਕਾਤ ਕਰਨਗੇ। ਮੰਤਰਾਲੇ ਨੇ ਕਿਹਾ ਕਿ ਮੋਜ਼ਾਮਬੀਕ ਵਿੱਚ ਜੈਸ਼ੰਕਰ ਭਾਰਤੀ ਪ੍ਰਵਾਸੀਆਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਕਈ ਹੋਰ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਮਿਲਣ ਦੀ ਸੰਭਾਵਨਾ ਹੈ। ਐੱਮਈਏ ਨੇ ਕਿਹਾ, "ਵਿਦੇਸ਼ ਮੰਤਰੀ ਦੀ ਯੁਗਾਂਡਾ ਅਤੇ ਮੋਜ਼ਾਮਬੀਕ ਦੀ ਯਾਤਰਾ ਤੋਂ ਇਨ੍ਹਾਂ ਦੋਵਾਂ ਦੇਸ਼ਾਂ ਨਾਲ ਭਾਰਤ ਦੇ ਮਜ਼ਬੂਤ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਹੈ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News