ਸ਼੍ਰੀਲੰਕਾ ਪੁੱਜੇ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ! ''ਦਿਤਵਾ'' ਮਗਰੋਂ ਹਰ ਸੰਭਵ ਮਦਦ ਦਾ ਦਿਵਾਇਆ ਭਰੋਸਾ
Tuesday, Dec 23, 2025 - 04:13 PM (IST)
ਇੰਟਰਨੈਸ਼ਨਲ ਡੈਸਕ- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਆਪਣੀ ਦੋ ਦਿਨਾਂ ਸ਼੍ਰੀਲੰਕਾ ਯਾਤਰਾ ਦੌਰਾਨ ਚੱਕਰਵਾਤ 'ਦਿਤਵਾ' ਕਾਰਨ ਹੋਈ ਤਬਾਹੀ ਤੋਂ ਬਾਅਦ ਦੇਸ਼ ਦੇ ਮੁੜ ਨਿਰਮਾਣ ਲਈ ਭਾਰਤ ਦੀ ਅਟੁੱਟ ਵਚਨਬੱਧਤਾ ਦਾ ਭਰੋਸਾ ਦਿਵਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਦੂਤ ਵਜੋਂ ਪਹੁੰਚੇ ਜੈਸ਼ੰਕਰ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਅਤੇ ਪ੍ਰਧਾਨ ਮੰਤਰੀ ਹਰਿਨੀ ਅਮਰਸੂਰਿਆ ਨਾਲ ਮੁਲਾਕਾਤ ਕਰਕੇ ਭਾਰਤ ਦੀ ਇਕਜੁੱਟਤਾ ਦਾ ਸੰਦੇਸ਼ ਦਿੱਤਾ।
ਭਾਰਤ ਨੇ 'ਆਪ੍ਰੇਸ਼ਨ ਸਾਗਰ ਬੰਧੂ' ਦੇ ਤਹਿਤ ਸ਼੍ਰੀਲੰਕਾ ਲਈ 450 ਮਿਲੀਅਨ ਅਮਰੀਕੀ ਡਾਲਰ ਦੇ ਮੁੜ ਨਿਰਮਾਣ ਪੈਕੇਜ ਦੀ ਵਚਨਬੱਧਤਾ ਜਤਾਈ ਹੈ। ਇਸ ਸਹਾਇਤਾ ਰਾਹੀਂ ਹੇਠ ਸੜਕਾਂ, ਰੇਲਵੇ ਅਤੇ ਪੁਲ ਸੰਪਰਕਾਂ ਦੀ ਬਹਾਲੀ, ਨੁਕਸਾਨੇ ਗਏ ਘਰਾਂ ਦੀ ਉਸਾਰੀ, ਸਿਹਤ, ਸਿੱਖਿਆ ਅਤੇ ਖੇਤੀਬਾੜੀ ਖੇਤਰਾਂ ਲਈ ਵਿਸ਼ੇਸ਼ ਸਹਾਇਤਾ, ਭਵਿੱਖ ਵਿੱਚ ਆਉਣ ਵਾਲੀਆਂ ਆਫਤਾਂ ਲਈ ਬਿਹਤਰ ਤਿਆਰੀ ਅਤੇ ਪ੍ਰਤੀਕਿਰਿਆ ਪ੍ਰਣਾਲੀ 'ਤੇ ਕੰਮ ਕਰਨਾ ਆਦਿ ਜਿਹੇ ਕੰਮ ਮੁਕੰਮਲ ਕੀਤੇ ਜਾਣਗੇ।
ਇਸ ਯਾਤਰਾ ਦੌਰਾਨ ਵਿਦੇਸ਼ ਮੰਤਰੀ ਜੈਸ਼ੰਕਰ ਅਤੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਵਿਜੀਤਾ ਹੇਰਾਤ ਨੇ ਉੱਤਰੀ ਸੂਬੇ ਦੇ ਕਿਲੀਨੋਚੀ ਜ਼ਿਲ੍ਹੇ ਵਿੱਚ 120 ਫੁੱਟ ਲੰਬੇ ਦੋਹਰੀ ਲੇਨ ਵਾਲੇ 'ਬੇਲੀ ਬ੍ਰਿਜ' ਦਾ ਉਦਘਾਟਨ ਕੀਤਾ। ਇਹ ਜ਼ਿਲ੍ਹਾ ਚੱਕਰਵਾਤ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਜ਼ਿਕਰਯੋਗ ਹੈ ਕਿ ਇਸ 110 ਟਨ ਵਜ਼ਨੀ ਪੁਲ ਨੂੰ ਭਾਰਤ ਤੋਂ ਹਵਾਈ ਜਹਾਜ਼ ਰਾਹੀਂ ਲਿਆਂਦਾ ਗਿਆ ਸੀ। ਜੈਸ਼ੰਕਰ ਅਨੁਸਾਰ, ਇਹ ਪੁਲ ਅਤੇ ਸਹਾਇਤਾ ਪੈਕੇਜ ਭਾਰਤ ਅਤੇ ਸ਼੍ਰੀਲੰਕਾ ਵਿਚਕਾਰ ਡੂੰਘੇ ਸਬੰਧਾਂ ਦਾ ਪ੍ਰਤੀਕ ਹਨ। ਉਨ੍ਹਾਂ ਦੱਸਿਆ ਕਿ ਭਾਰਤ ਇਸ ਖੇਤਰ ਵਿੱਚ first responder ਵਜੋਂ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ।
