ਅੱਤਵਾਦੀ ਹਮਲੇ ਮਗਰੋਂ ਉੱਠੀ PM ਦੇ ਅਸਤੀਫ਼ੇ ਦੀ ਮੰਗ, ਲੱਖਾਂ ਲੋਕਾਂ ਨੇ ਕੀਤੇ ਪਟੀਸ਼ਨ ''ਤੇ ਦਸਤਖ਼ਤ

Monday, Dec 22, 2025 - 05:03 PM (IST)

ਅੱਤਵਾਦੀ ਹਮਲੇ ਮਗਰੋਂ ਉੱਠੀ PM ਦੇ ਅਸਤੀਫ਼ੇ ਦੀ ਮੰਗ, ਲੱਖਾਂ ਲੋਕਾਂ ਨੇ ਕੀਤੇ ਪਟੀਸ਼ਨ ''ਤੇ ਦਸਤਖ਼ਤ

ਸਿਡਨੀ : ਆਸਟ੍ਰੇਲੀਆ ਦੇ ਸਿਡਨੀ 'ਚ ਬੌਂਡੀ ਬੀਚ 'ਤੇ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਖਿਲਾਫ ਜਨਤਾ ਦਾ ਗੁੱਸਾ ਫੁੱਟ ਪਿਆ ਹੈ। ਇੱਕ ਆਨਲਾਈਨ ਪਲੇਟਫਾਰਮ Change.org 'ਤੇ ਸ਼ੁਰੂ ਕੀਤੀ ਗਈ ਪਟੀਸ਼ਨ 'ਤੇ ਹੁਣ ਤੱਕ 3,10,000 ਤੋਂ ਵੱਧ ਲੋਕਾਂ ਨੇ ਦਸਤਖਤ ਕਰਕੇ ਪ੍ਰਧਾਨ ਮੰਤਰੀ ਦੇ ਅਸਤੀਫੇ ਅਤੇ ਇਮੀਗ੍ਰੇਸ਼ਨ (ਪ੍ਰਵਾਸ) ਨੀਤੀ ਵਿੱਚ ਵੱਡੇ ਬਦਲਾਅ ਦੀ ਮੰਗ ਕੀਤੀ ਹੈ।

ਪ੍ਰਧਾਨ ਮੰਤਰੀ ਨੂੰ ਦੇਖ ਭੜਕੇ ਲੋਕ, ਸੁਰੱਖਿਆ ਘੇਰੇ ਵਿੱਚ ਕੱਢਿਆ ਬਾਹਰ ਬੀਤੇ ਦਿਨੀਂ ਜਦੋਂ ਪ੍ਰਧਾਨ ਮੰਤਰੀ ਅਲਬਾਨੀਜ਼ ਹਮਲੇ ਦੇ ਪੀੜਤਾਂ ਦੀ ਯਾਦ ਵਿੱਚ ਕਰਵਾਏ ਗਏ ਇੱਕ ਸਮਾਗਮ ਵਿੱਚ ਪਹੁੰਚੇ ਤਾਂ ਉੱਥੇ ਮੌਜੂਦ ਭੀੜ ਨੇ ਉਨ੍ਹਾਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਉਨ੍ਹਾਂ ਨੂੰ 'ਕਮਜ਼ੋਰ' ਕਿਹਾ ਅਤੇ ਚੀਕਦਿਆਂ ਕਿਹਾ ਕਿ "ਉਨ੍ਹਾਂ ਦੇ ਹੱਥ ਖੂਨ ਨਾਲ ਭਰੇ ਹਨ।" ਹਾਲਾਤ ਇੰਨੇ ਖਰਾਬ ਹੋ ਗਏ ਕਿ ਸੁਰੱਖਿਆ ਕਰਮੀਆਂ ਨੂੰ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਨੂੰ ਤੁਰੰਤ ਸੁਰੱਖਿਅਤ ਸਥਾਨ 'ਤੇ ਲਿਜਾਣਾ ਪਿਆ।

ਕੀ ਸੀ ਪੂਰੀ ਘਟਨਾ?
ਜ਼ਿਕਰਯੋਗ ਹੈ ਕਿ 14 ਦਸੰਬਰ ਨੂੰ ਸਿਡਨੀ ਦੇ ਪ੍ਰਸਿੱਧ ਬੌਂਡੀ ਬੀਚ 'ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਹਨੂਕਾਹ (Hanukkah) ਕੈਂਡਲ ਲਾਈਟਿੰਗ ਸਮਾਗਮ ਦੌਰਾਨ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋਏ ਹਨ। ਪੁਲਿਸ ਅਨੁਸਾਰ ਹਮਲਾਵਰ 50 ਸਾਲਾ ਪਿਤਾ ਅਤੇ ਉਸਦਾ 24 ਸਾਲਾ ਪੁੱਤਰ ਸਨ। ਮੌਕੇ ਤੋਂ ਦੋ ਆਈ.ਈ.ਡੀ. (IEDs) ਯਾਨੀ ਬੰਬ ਵੀ ਬਰਾਮਦ ਕੀਤੇ ਗਏ ਸਨ, ਜਿਨ੍ਹਾਂ ਨੂੰ ਮਾਹਿਰਾਂ ਨੇ ਨਾਕਾਮ ਕਰ ਦਿੱਤਾ।

ਇਮੀਗ੍ਰੇਸ਼ਨ ਨੀਤੀ 'ਤੇ ਸਵਾਲ
ਪਟੀਸ਼ਨ ਰਾਹੀਂ ਲੋਕਾਂ ਨੇ ਦੋਸ਼ ਲਾਇਆ ਹੈ ਕਿ ਸਰਕਾਰ ਦੀਆਂ ਮੌਜੂਦਾ ਨੀਤੀਆਂ ਜਨਤਕ ਭਾਵਨਾਵਾਂ ਦੇ ਉਲਟ ਹਨ। ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਆਉਣ ਵਾਲੇ ਲੋਕਾਂ ਦੀ ਸਖ਼ਤ ਸਕ੍ਰੀਨਿੰਗ (ਜਾਂਚ) ਹੋਣੀ ਚਾਹੀਦੀ ਹੈ ਤਾਂ ਜੋ ਆਸਟ੍ਰੇਲੀਆਈ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਪਟੀਸ਼ਨਰਾਂ ਅਨੁਸਾਰ ਮੌਜੂਦਾ ਲੀਡਰਸ਼ਿਪ ਦੇਸ਼ ਦੀ ਸੁਰੱਖਿਆ ਕਰਨ ਵਿੱਚ ਅਸਫਲ ਰਹੀ ਹੈ, ਜਿਸ ਕਾਰਨ ਸਰਕਾਰ ਅਤੇ ਜਨਤਾ ਵਿਚਾਲੇ ਪਾੜਾ ਵਧਦਾ ਜਾ ਰਿਹਾ ਹੈ।


author

Baljit Singh

Content Editor

Related News