ਜਰਮਨੀ ਪੁੱਜੇ ਰਾਹੁਲ ਗਾਂਧੀ ਨੇ BMW ਪਲਾਂਟ ਦਾ ਕੀਤਾ ਦੌਰਾ
Wednesday, Dec 17, 2025 - 06:53 PM (IST)
ਮਿਲਾਨ (ਇਟਲੀ) (ਸਾਬੀ ਚੀਨੀਆ) : ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਬੀਤੀ ਰਾਤ ਜਰਮਨੀ ਦੇ ਸ਼ਹਿਰ ਮਿਊਨਿਖ 'ਚ ਬੀਐੱਮਡਬਲਯੂ ਦੇ ਪਲਾਂਟ ਨੂੰ ਵੇਖਿਆ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਅਤੇ ਇਸ ਨਿਵੇਕਲੀ ਜਗ੍ਹਾ ਦਾ ਅਨੁਭਵ ਲਿਆ।

ਇਸ ਮੌਕੇ ਉਨ੍ਹਾਂ ਇਸ ਪਲਾਂਟ ਵਿੱਚ ਕੰਮ ਕਰਨ ਵਾਲੇ ਭਾਰਤੀ ਇੰਜੀਨੀਅਰਾਂ ਨਾਲ ਵੀ ਪੂਰੀ ਤਰ੍ਹਾਂ ਖੁੱਲ੍ਹ ਕੇ ਗੱਲਬਾਤ ਕੀਤੀ। ਉਨ੍ਹਾਂ ਖੁਸ਼ੀ ਸਾਂਝੀ ਕਰਦਿਆਂ ਆਖਿਆ ਕਿ ਵਿਸ਼ਵ ਪੱਧਰੀ ਨਿਰਮਾਣ ਕਰਨ ਵਾਲੀ ਕੰਪਨੀ ਦੇ ਪਲਾਂਟ ਨੂੰ ਨੇੜਿਓਂ ਵੇਖਣ ਦਾ ਆਪਣਾ ਹੀ ਨਜ਼ਾਰਾ ਹੈ। ਇਸ ਮੌਕੇ ਉਨ੍ਹਾਂ ਨਾਲ ਸੈਮ ਪਟਰੌਦਾ, ਉਵਰਸੀਜ਼ ਕਾਂਗਰਸ ਦੇ ਸੀਨੀਅਰ ਆਗੂ ਰਾਜਵਿੰਦਰ ਸਿੰਘ ਸਵਿਟਜ਼ਰਲੈਂਡ, ਜਰਮਨੀ ਸਿਆਸਤ ਵਿਚ ਪਹਿਚਾਣ ਰੱਖਣ ਵਾਲੇ ਭਾਰਤੀ ਮੂਲ ਦੇ ਕੱਦਵਾਰ ਉਦਯੋਗਪਤੀ ਪ੍ਰਮੋਦ ਕੁਮਾਰ, ਬਲਵਿੰਦਰ ਸਿੰਘ ਗੁਰਦਾਸਪੁਰ ਵੀ ਸਨ।

ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਜਰਮਨੀ ਪੁੱਜਣ 'ਤੇ ਇੰਡੀਅਨ ਉਵਰਸੀਜ਼ ਕਾਂਗਰਸ ਪਾਰਟੀ ਨਾਲ ਸਬੰਧਤ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਦੱਸਣਯੋਗ ਹੈ ਕਿ ਰਾਹੁਲ ਗਾਂਧੀ ਦੇਰ ਸ਼ਾਮ ਭਾਰਤੀ ਭਾਈਚਾਰੇ ਨਾਲ ਇੱਕ ਕਾਨਫਰੰਸ ਨੂੰ ਵੀ ਸੰਬੋਧਨ ਕਰਨਗੇ ਜਿੱਥੇ ਯੂਰਪ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਭਾਰਤੀ ਨਾਗਰਿਕ ਵੀ ਸ਼ਮੂਲੀਅਤ ਕਰਨਗੇ।
