ਭਾਰਤ ਨੇ ਸ਼੍ਰੀਲੰਕਾ ਲਈ ਇਕ ਵਾਰ ਫ਼ਿਰ ਵਧਾਇਆ ਮਦਦ ਦਾ ਹੱਥ ! 450 ਮਿਲੀਅਨ ਡਾਲਰ ਦੇ ਪੈਕੇਜ ਦਾ ਕੀਤਾ ਐਲਾਨ
Tuesday, Dec 23, 2025 - 12:41 PM (IST)
ਇੰਟਰਨੈਸ਼ਨਲ ਡੈਸਕ- ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੰਗਲਵਾਰ ਨੂੰ ਸ਼੍ਰੀਲੰਕਾ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕ ਨਾਲ ਮੁਲਾਕਾਤ ਕੀਤੀ ਅਤੇ ਚੱਕਰਵਾਤ 'ਦਿਤਵਾ' ਕਾਰਨ ਹੋਏ ਨੁਕਸਾਨ ਤੋਂ ਬਾਅਦ ਮੁੜ ਨਿਰਮਾਣ ਲਈ 450 ਮਿਲੀਅਨ ਅਮਰੀਕੀ ਡਾਲਰ ਦੇ ਸਹਾਇਤਾ ਪੈਕੇਜ ਦੀ ਵਚਨਬੱਧਤਾ ਦੁਹਰਾਈ। ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਵਿਸ਼ੇਸ਼ ਪੱਤਰ ਸੌਂਪਿਆ, ਜੋ ਸੰਕਟ ਦੇ ਸਮੇਂ ਭਾਰਤ ਦੀ first responder ਵਜੋਂ ਭੂਮਿਕਾ ਨੂੰ ਸਪੱਸ਼ਟ ਕਰਦਾ ਹੈ।
ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਦੀ 'ਗੁਆਂਢੀ ਪਹਿਲਾਂ' (Neighbourhood First) ਅਤੇ 'ਮਹਾਸਾਗਰ' (MAHASAGAR) ਨੀਤੀਆਂ ਦੇ ਤਹਿਤ ਸ਼੍ਰੀਲੰਕਾ ਦੀ ਮਦਦ ਕਰਨਾ ਇੱਕ ਸੁਭਾਵਿਕ ਕਦਮ ਹੈ। ਉਨ੍ਹਾਂ ਯਾਦ ਦਿਵਾਇਆ ਕਿ ਭਾਰਤ ਨੇ ਪਹਿਲਾਂ ਵੀ ਆਰਥਿਕ ਸੰਕਟ ਦੌਰਾਨ ਸ਼੍ਰੀਲੰਕਾ ਦਾ ਸਾਥ ਦਿੱਤਾ ਸੀ। ਇਸ 450 ਮਿਲੀਅਨ ਡਾਲਰ ਦੇ ਪੈਕੇਜ ਵਿੱਚ 350 ਮਿਲੀਅਨ ਡਾਲਰ ਰਿਆਇਤੀ ਕਰਜ਼ੇ ਵਜੋਂ ਅਤੇ 100 ਮਿਲੀਅਨ ਡਾਲਰ ਗ੍ਰਾਂਟ ਵਜੋਂ ਦਿੱਤੇ ਜਾਣਗੇ। ਇਹ ਰਾਸ਼ੀ ਵਿਸ਼ੇਸ਼ ਤੌਰ 'ਤੇ ਚੱਕਰਵਾਤ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਖੇਤਰਾਂ ਦੇ ਪੁਨਰ ਨਿਰਮਾਣ ਲਈ ਵਰਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਭਾਰਤ ਦਾ ਰਾਹਤ ਮਿਸ਼ਨ, ਜਿਸ ਨੂੰ 'ਆਪ੍ਰੇਸ਼ਨ ਸਾਗਰ ਬੰਧੂ' ਦਾ ਨਾਮ ਦਿੱਤਾ ਗਿਆ ਹੈ, ਚੱਕਰਵਾਤ ਆਉਣ ਦੇ ਪਹਿਲੇ ਦਿਨ ਹੀ ਸ਼ੁਰੂ ਹੋ ਗਿਆ ਸੀ। ਭਾਰਤੀ ਜਲ ਸੈਨਾ ਦੇ ਜਹਾਜ਼ ਆਈ.ਐੱਨ.ਐੱਸ. ਵਿਕਰਾਂਤ ਅਤੇ ਆਈ.ਐੱਨ.ਐੱਸ. ਉਦੈਗਿਰੀ ਨੇ ਤੁਰੰਤ ਰਾਹਤ ਸਮੱਗਰੀ ਪਹੁੰਚਾਈ। ਇਸ ਤੋਂ ਇਲਾਵਾ ਭਾਰਤੀ ਫੌਜ ਨੇ ਕੈਂਡੀ ਨੇੜੇ ਇੱਕ ਫੀਲਡ ਹਸਪਤਾਲ ਸਥਾਪਿਤ ਕੀਤਾ, ਜਿੱਥੇ 8000 ਤੋਂ ਵੱਧ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਦਿੱਤੀਆਂ ਗਈਆਂ। ਹੁਣ ਤੱਕ 1100 ਟਨ ਤੋਂ ਵੱਧ ਰਾਹਤ ਸਮੱਗਰੀ, ਜਿਸ ਵਿੱਚ ਰਾਸ਼ਨ, ਟੈਂਟ, ਦਵਾਈਆਂ (14.5 ਟਨ) ਅਤੇ ਪਾਣੀ ਸਾਫ਼ ਕਰਨ ਵਾਲੀਆਂ ਕਿੱਟਾਂ ਸ਼ਾਮਲ ਹਨ, ਸ਼੍ਰੀਲੰਕਾ ਨੂੰ ਭੇਜੀਆਂ ਜਾ ਚੁੱਕੀਆਂ ਹਨ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਭਰੋਸਾ ਪ੍ਰਗਟਾਇਆ ਕਿ ਸ਼੍ਰੀਲੰਕਾ ਇਸ ਮੁਸੀਬਤ ਵਿੱਚੋਂ ਜਲਦੀ ਉੱਭਰ ਜਾਵੇਗਾ ਅਤੇ ਭਾਰਤ ਹਮੇਸ਼ਾ ਦੀ ਤਰ੍ਹਾਂ ਆਪਣੇ ਗੁਆਂਢੀ ਦੇਸ਼ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ।
