ਜੈਰਾਮ ਠਾਕੁਰ ਨੇ ਹਿਮਾਚਲ ਵਾਸੀਆਂ ਦੇ ਯੂਕ੍ਰੇਨ ''ਚ ਫਸੇ ਹੋਣ ਦਾ ਮਾਮਲਾ ਜੈਸ਼ੰਕਰ ਦੇ ਸਾਹਮਣੇ ਚੁੱਕਿਆ

Saturday, Feb 26, 2022 - 01:44 PM (IST)

ਜੈਰਾਮ ਠਾਕੁਰ ਨੇ ਹਿਮਾਚਲ ਵਾਸੀਆਂ ਦੇ ਯੂਕ੍ਰੇਨ ''ਚ ਫਸੇ ਹੋਣ ਦਾ ਮਾਮਲਾ ਜੈਸ਼ੰਕਰ ਦੇ ਸਾਹਮਣੇ ਚੁੱਕਿਆ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਯੂਕ੍ਰੇਨ 'ਚ ਫਸੇ ਰਾਜ ਦੇ ਲੋਕਾਂ ਦੀ ਸੁਰੱਖਿਅਤ ਵਾਪਸੀ ਲਈ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ। ਇਕ ਅਧਿਕਾਰਤ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰੀ ਨੂੰ ਲਿਖੇ ਪੱਤਰ 'ਚ ਠਾਕੁਰ ਨੇ ਵਿਦੇਸ਼ ਮੰਤਰਾਲੇ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੁੱਢਲੀ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ 130 ਤੋਂ ਵੱਧ ਲੋਕ ਯੂਕ੍ਰੇਨ 'ਚ ਫਸੇ ਹੋਏ ਹਨ। ਠਾਕੁਰ ਨੇ ਕਿਹਾ ਕਿ ਸੂਬਾ ਸਰਕਾਰ ਆਪਣੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ। ਉਨ੍ਹਾਂ ਕਿਹਾ ਕਿ ਰਾਜ ਦੇ ਮੁੱਖ ਸਕੱਤਰ ਇਸ ਸਬੰਧੀ ਪਹਿਲਾਂ ਹੀ ਵਿਦੇਸ਼ ਸਕੱਤਰ ਨਾਲ ਸੰਪਰਕ 'ਚ ਹਨ। ਜੈਰਾਮ ਠਾਕੁਰ ਨੇ ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਯੂਕ੍ਰੇਨ ਦੇ ਨਾਲ-ਨਾਲ ਨਵੀਂ ਦਿੱਲੀ 'ਚ ਇਕ ਹੈਲਪਲਾਈਨ ਸਥਾਪਤ ਕਰਨ ਲਈ ਮੰਤਰਾਲੇ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਵੱਲੋਂ ਪੁੱਛੇ ਸਵਾਲ ਦੇ ਜਵਾਬ 'ਚ ਠਾਕੁਰ ਨੇ ਕਿਹਾ ਕਿ ਰਾਜ ਸਰਕਾਰ ਕੋਲ ਯੂਕ੍ਰੇਨ 'ਚ ਫਸੇ ਹਿਮਾਚਲ ਪ੍ਰਦੇਸ਼ ਦੇ ਵਸਨੀਕਾਂ ਦੇ ਸਹੀ ਅੰਕੜੇ ਹਾਲੇ ਤੱਕ ਨਹੀਂ ਹਨ।

PunjabKesari

ਮੁੱਖ ਮੰਤਰੀ ਨੇ ਰਾਜ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਕਿਹਾ ਕਿ ਉਕਤ ਦੇਸ਼ ਵਿਚ ਫਸੇ ਲੋਕਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਹੈਲਪਲਾਈਨ 1100 'ਤੇ ਉਨ੍ਹਾਂ ਦੀ ਸਹੀ ਸਥਿਤੀ ਬਾਰੇ ਸਰਕਾਰ ਨੂੰ ਸੂਚਿਤ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 60 ਨੌਜਵਾਨਾਂ ਦੇ ਮਾਪਿਆਂ ਨਾਲ ਉਨ੍ਹਾਂ ਦੇ ਬੱਚਿਆਂ ਦੀ ਸੁਰੱਖਿਅਤ ਵਾਪਸੀ ਲਈ ਸੰਪਰਕ ਕੀਤਾ ਜਾ ਚੁੱਕਾ ਹੈ ਪਰ ਸਹੀ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ। ਠਾਕੁਰ ਨੇ ਕਿਹਾ,“ਹੋਰ ਮਾਪਿਆਂ ਨੂੰ ਵੀ ਸਰਕਾਰ ਨੂੰ ਸੂਚਿਤ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਾਨੂੰ ਰਾਜ ਦੇ ਵਸਨੀਕਾਂ ਨੂੰ ਸੁਰੱਖਿਅਤ ਕੱਢਣ ਲਈ ਕੇਂਦਰ ਨਾਲ ਬਿਹਤਰ ਤਾਲਮੇਲ ਬਣਾਉਣ ਵਿਚ ਮਦਦ ਮਿਲੇਗੀ।” ਉਨ੍ਹਾਂ ਕਿਹਾ ਕਿ ਪਰਬਤੀ ਸੂਬੇ ਤੋਂ ਕਈ ਲੋਕ ਐੱਮ.ਬੀ.ਬੀ.ਐੱਸ. ਜਾਂ ਨੌਕਰੀ ਦੇ ਮਕਸਦ ਅਤੇ ਕਾਰੋਬਾਰ ਲਈ ਯੂਕ੍ਰੇਨ ਗਏ ਹਨ। ਠਾਕੁਰ ਨੇ ਕਿਹਾ ਕਿ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕ੍ਰੇਨ ਤੋਂ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਗੱਲ ਕੀਤੀ ਸੀ। ਇਸ ਤੋਂ ਪਹਿਲਾਂ ਇਹ ਮੁੱਦਾ ਉਠਾਉਂਦੇ ਹੋਏ ਅਗਨੀਹੋਤਰੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਬਹੁਤ ਸਾਰੇ ਵਿਦਿਆਰਥੀ ਯੂਕ੍ਰੇਨ ਵਿਚ ਫਸੇ ਹੋਏ ਹਨ ਅਤੇ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News