ਜੈਰਾਮ ਦਾ ਤਿੱਖਾ ਹਮਲਾ, ਕਿਹਾ-PM ਜੀ, ਧੀਆਂ ''ਤੇ ਅੱਤਿਆਚਾਰ ਕਰਨ ਵਾਲੇ ਭਾਜਪਾਈ ਹੀ ਕਿਉਂ ਨੇ?
Thursday, Jan 19, 2023 - 02:36 PM (IST)
ਨਵੀਂ ਦਿੱਲੀ- ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਮਹਿਲਾ ਖਿਡਾਰਣਾਂ ਵਲੋਂ ਗੰਭੀਰ ਦੋਸ਼ਾਂ ਮਗਰੋਂ ਕਾਂਗਰਸ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਧੀਆਂ 'ਤੇ ਅੱਤਿਆਚਾਰ ਕਰਨ ਵਾਲੇ ਸਾਰੇ ਭਾਜਪਾਈ ਹੀ ਕਿਉਂ ਹੁੰਦੇ ਹਨ?
ਜੈਰਾਮ ਨੇ ਇਕ ਟਵੀਟ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਜੀ, ਧੀਆਂ 'ਤੇ ਅੱਤਿਆਚਾਰ ਕਰਨ ਵਾਲੇ ਸਾਰੇ ਭਾਜਪਾਈ ਹੀ ਕਿਉਂ ਹੁੰਦੇ ਹਨ? ਕੱਲ ਤੁਸੀਂ ਕਿਹਾ ਕਿ ਦੇਸ਼ ਵਿਚ ਖੇਡਾਂ ਲਈ 'ਬਿਹਤਰ ਮਾਹੌਲ' ਬਣਿਆ ਹੈ। ਕੀ ਇਹ ਹੈ ਬਿਹਤਰ ਮਾਹੌਲ, ਜਿਸ ਵਿਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀਆਂ ਧੀਆਂ ਵੀ ਸੁਰੱਖਿਅਤ ਨਹੀਂ ਹਨ?
ਇਕ ਹੋਰ ਟਵੀਟ ਵਿਚ ਜੈਰਾਮ ਰਮੇਸ਼ ਕਿਹਾ ਕਿ ਕੁਲਦੀਪ ਸੇਂਗਰ, ਚਿੰਨਯਾਨੰਦ, ਪਿਓ-ਪੁੱਤ ਆਰੀਆ-ਪੁਲਕਿਤ ਆਰੀਆ ਅਤੇ ਹੁਣ ਇਹ ਨਵਾਂ ਮਾਮਲਾ! ਧੀਆਂ 'ਤੇ ਅੱਤਿਆਚਾਰ ਕਰਨ ਵਾਲੇ ਭਾਜਪਾ ਆਗੂਆਂ ਦੀ ਸੂਚੀ ਬੇਅੰਤ ਹੈ। ਕੀ 'ਬੇਟੀ ਬਚਾਓ' ਧੀਆਂ ਨੂੰ ਭਾਜਪਾ ਨੇਤਾਵਾਂ ਤੋਂ ਬਚਾਉਣ ਦੀ ਚਿਤਾਵਨੀ ਸੀ! ਪ੍ਰਧਾਨ ਮੰਤਰੀ ਜੀ, ਜਵਾਬ ਦਿਓ।
ਦੱਸ ਦੇਈਏ ਕਿ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ, ਸਰਿਤਾ ਮੋਰ ਅਤੇ ਸੁਮਿਤ ਮਲਿਕ ਵਰਗੇ ਵੱਡੇ ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਜਿਸ ਦੇ ਲਈ ਉਹ ਦਿੱਲੀ ਦੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਹਨ।