ਨਵਜਾਤ ਸ਼ਿਸ਼ੂ ''ਚ ਮਿਲੀਆਂ 2 ਅਜੀਬ ਬੀਮਾਰੀਆਂ, ਡਾਕਟਰਾਂ ਨੇ ਕਿਹਾ- ਦੁਨੀਆ ''ਚ ਇਹ ਪਹਿਲਾ ਮਾਮਲਾ
Thursday, Sep 10, 2020 - 04:24 PM (IST)
 
            
            ਜੈਪੁਰ- ਜੈਪੁਰ ਦੇ ਸਰਕਾਰੀ ਹਸਪਤਾਲ ਜੇ.ਕੇ. ਲੋਨ 'ਚ ਇਕ ਨਵਜਾਤ ਬੱਚੇ ਦੇ ਇਕੱਠੇ 2 ਬੀਮਾਰੀਆਂ ਨਾਲ ਪੀੜਤ ਹੋਣ ਦਾ ਦੁਰਲੱਭ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਦੇ ਡਾਕਟਰਾਂ ਅਨੁਸਾਰ ਇਸ ਬੱਚੇ ਨੂੰ ਪੋਂਪੇ ਬੀਮਾਰੀ ਅਤੇ ਸਪਾਈਨਲ ਮਸਕਿਊਲਰ ਅਟ੍ਰੋਫੀ-1 ਦੀ ਦੁਰਲੱਭ ਬੀਮਾਰੀ ਹੈ। ਹਸਪਤਾਲ ਦੇ ਡਾਕਟਰਾਂ ਅਨੁਸਾਰ ਇਹ ਦੁਨੀਆ 'ਚ ਆਪਣੀ ਤਰ੍ਹਾਂ ਦਾ ਪਹਿਲਾ ਮਾਮਲਾ ਹੈ, ਕਿਉਂਕਿ ਇਸ ਤਰ੍ਹਾਂ 2 ਬੀਮਾਰੀਆਂ ਇਕ ਹੀ ਮਰੀਜ਼ 'ਚ ਪਾਏ ਜਾਣ ਸੰਬੰਧੀ ਕੋਈ ਵੇਰਵਾ ਮੈਡੀਕਲ ਸਾਹਿਤ 'ਚ ਨਹੀਂ ਪਾਇਆ ਗਿਆ ਹੈ। ਪੋਂਪੇ ਇਕ ਅੰਦਰੂਨੀ ਬੀਮਾਰੀ ਹੈ, ਜੋ ਨਸਾਂ, ਰੇਸ਼ਿਆਂ ਦੇ ਕੰਮ ਨੂੰ ਪ੍ਰਭਾਵਿਤ ਕਰਦੀ ਹੈ। ਇਹ ਬੀਮਾਰੀ ਲਗਭਗ ਹਰ 11,000 'ਚੋਂ ਇਕ ਬੱਚੇ ਨੂੰ ਹੋ ਸਕਦੀ ਹੈ ਅਤੇ ਕਿਸੇ ਵੀ ਜਾਤੀ ਜਾਂ ਲਿੰਗ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਉੱਥੇ ਹੀ ਸਪਾਈਨਲ ਮਸਕਿਊਲਰ ਅਟ੍ਰੋਫੀ (ਐੱਸ.ਐੱਮ.ਏ.) ਇਕ ਅੰਦਰੂਨੀ ਬੀਮਾਰੀ ਹੈ, ਜੋ ਨਸਾਂ ਰੇਸ਼ਿਆਂ ਅਤੇ ਸਵੈਇੱਛਕ ਮਾਸਪੇਸ਼ੀਆਂ ਦੇ ਕੰਮ ਨੂੰ ਪ੍ਰਭਾਵਿਤ ਕਰਦੀ ਹੈ। ਤਿੰਨ ਮੈਂਬਰੀ ਡਾਕਟਰਾਂ ਦੇ ਦਲ 'ਚੋਂ ਇਕ ਡਾਕਟਰ ਪ੍ਰਿਯਾਂਸ਼ੂ ਮਾਥੁਰ ਨੇ ਦੱਸਿਆ ਕਿ ਬੁੱਧਵਾਰ ਨੂੰ 44 ਦਿਨਾਂ ਦੇ ਇਸ ਨਵਜਾਤ ਸ਼ਿਸ਼ੂ ਨੂੰ ਉੱਤਰ ਪ੍ਰਦੇਸ਼ ਦੇ ਆਗਰਾ ਦੇ ਇਕ ਹਸਪਤਾਲ ਤੋਂ ਜੈਪੁਰ ਦੇ ਜੇ.ਕੇ. ਲੋਨ ਹਸਪਤਾਲ 'ਚ ਕੁਝ ਦਿਨ ਪਹਿਲਾਂ ਸਾਹ ਦੀ ਸਮੱਸਿਆ ਦੇ ਨਾਲ-ਨਾਲ ਸਰੀਰ 'ਚ ਢਿੱਲਾਪਨ ਅਤੇ ਹਰਕਤ ਘੱਟ ਹੋਣ ਦੀ ਪਰੇਸ਼ਾਨੀ ਹੋਣ ਕਾਰਨ ਰੈਫਰ ਕੀਤਾ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਨਵਜਾਤ ਸ਼ਿਸ਼ੂ ਦੀ ਬੀਮਾਰੀ ਦਾ ਇਲਾਜ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਵਿਕਾਰਾਂ ਦੇ ਮਰੀਜ਼ ਬਿਨਾਂ ਇਲਾਜ ਦੇ ਜਿਊਂਦੇ ਨਹੀਂ ਰਹਿੰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਪੋਂਪੇ ਬੀਮਾਰੀ ਦੀ ਦਵਾਈ ਦੀ ਕੀਮਤ ਹਰ ਸਾਲ ਲਗਭਗ 25-30 ਲੱਖ ਹੈ। ਉੱਥੇ ਹੀ ਐੱਸ.ਐੱਮ.ਏ. ਦੀ ਦਵਾਈ ਰਿਸਡਿਪਲਾਮ (ਏਵਰੇਸਡੀ) 'ਤੇ ਲਗਭਗ 4 ਕਰੋੜ ਰੁਪਏ ਦਾ ਖਰਚ ਆਉਂਦਾ ਹੈ ਅਤੇ ਇਸ ਨੂੰ ਪੂਰੀ ਉਮਰ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਦਵਾਈ ਇਸ ਰੋਗੀ ਨੂੰ ਅਨੁਕੰਪਾ ਉਦਯੋਗ ਪ੍ਰੋਗਰਾਮ ਦੇ ਮਾਧਿਅਮ ਨਾਲ ਉਪਲੱਬਧ ਕਰਵਾਈ ਗਈ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            