ਹਿਮਾਚਲ ਪ੍ਰਦੇਸ਼ ਕੈਬਨਿਟ ਦਾ ਵਿਸਥਾਰ, 3 ਨਵੇਂ ਮੰਤਰੀ ਹੋਏ ਸ਼ਾਮਲ

Thursday, Jul 30, 2020 - 04:38 PM (IST)

ਸ਼ਿਮਲਾ (ਵਾਰਤਾ)— ਹਿਮਾਚਲ ਪ੍ਰਦੇਸ਼ ਵਿਚ ਜੈਰਾਮ ਠਾਕੁਰ ਦੀ ਅਗਵਾਈ ਵਾਲੀ ਲੱਗਭਗ 2 ਸਾਲ 7 ਮਹੀਨੇ ਪੁਰਾਣੀ ਭਾਜਪਾ ਸਰਕਾਰ ਨੇ ਆਪਣੇ ਪਹਿਲੇ ਕੈਬਨਿਟ ਦਾ ਵਿਸਥਾਰ ਕਰਦੇ ਹੋਏ 3 ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਹੈ। ਇੱਥੇ ਰਾਜਭਵਨ ਵਿਚ ਆਯੋਜਿਤ ਸਾਦੇ ਸਮਾਰੋਹ 'ਚ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ। ਨਵੇਂ ਮੰਤਰੀਆਂ ਵਿਚ ਨੂਰਪੁਰ ਤੋਂ ਵਿਧਾਇਕ ਰਾਕੇਸ਼ ਪਠਾਨੀਆ, ਪਾਊਂਟਾ ਸਾਹਿਬ ਤੋਂ ਵਿਧਾਇਕ ਸੁਖਰਾਮ ਚੌਧਰੀ ਅਤੇ ਘੁਮਾਰਵੀਂ ਤੋਂ ਵਿਧਾਇਕ ਰਾਜਿੰਦਰ ਗਰਗ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ। ਤਿੰਨੋਂ ਵਿਧਾਇਕ ਪਹਿਲੀ ਵਾਰ ਸਰਕਾਰ ਵਿਚ ਮੰਤਰੀ ਬਣੇ ਹਨ। ਇਨ੍ਹਾਂ ਵਿਚ ਪਠਾਨੀਆ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਸਰਕਾਰ ਵਿਚ ਪ੍ਰਦੇਸ਼ ਸੈਰ-ਸਪਾਟਾ ਵਿਕਾਸ ਨਿਗਮ ਦੇ ਉੱਪ ਪ੍ਰਧਾਨ ਰਹਿ ਚੁੱਕੇ ਹਨ। ਉੱਥੇ ਹੀ ਸੁਖਰਾਮ ਚੌਧਰੀ ਸੰਸਦੀ ਸਕੱਤਰ ਰਹਿ ਚੁੱਕੇ ਹਨ। ਗਰਗ ਪਹਿਲੀ ਵਾਰ ਚੋਣ ਜਿੱਤ ਕੇ ਆਏ ਅਤੇ ਮੰਤਰੀ ਬਣਨ ਵਿਚ ਸਫਲ ਰਹੇ।

ਕੋਰੋਨਾ ਕਾਲ ਨੂੰ ਦੇਖਦਿਆਂ ਰਾਜ ਭਵਨ 'ਚ ਆਯੋਜਿਤ ਸਹੁੰ ਚੁੱਕ ਸਮਾਰੋਹ ਵਿਚ ਜ਼ਿਆਦਾ ਲੋਕ ਦਾ ਇਕੱਠ ਨਾ ਹੋਣ ਇਸ ਲਈ ਲਾਈਵ ਪ੍ਰਸਾਰਣ ਦੀ ਵਿਵਸਥਾ ਕੀਤੀ ਗਈ। ਸਹੁੰ ਚੁੱਕ ਸਮਾਰੋਹ ਵਿਚ ਮੁੱਖ ਮੰਤਰੀ ਜੈਰਾਮ ਠਾਕੁਰ, ਉਨ੍ਹਾਂ ਦੇ ਕੈਬਨਿਟ ਦੇ ਸਹਿਯੋਗੀ ਸਮਾਜਿਕ ਨਿਆਂ ਅਤੇ ਮਹਿਲਾ ਸ਼ਕਤੀਕਰਨ ਮੰਤਰੀ ਰਾਜੀਵ ਸਹਜਲ, ਸਿੱਖਿਆ ਮੰਤਰੀ ਸੁਰੇਸ਼ ਭਾਰਦਵਾਜ, ਟਰਾਂਸਪੋਰਟ ਮੰਤਰੀ ਗੋਵਿੰਦ ਸਿੰਘ ਠਾਕੁਰ ਸਮੇਤ ਹੋਰ ਨੇਤਾ ਅਤੇ ਸੀਨੀਅਰ ਅਧਿਕਾਰੀ ਹਾਜ਼ਰ ਸਨ।
ਦੱਸਣਯੋਗ ਹੈ ਕਿ ਸੂਬੇ ਵਿਚ ਭਾਜਪਾ ਸਰਕਾਰ 27 ਦਸੰਬਰ 2017 ਨੂੰ ਬਣੀ ਸੀ ਅਤੇ ਇਸ ਦਾ ਪਹਿਲਾ ਕੈਬਨਿਟ ਵਿਸਥਾਰ ਹੈ। ਤਿੰਨੋਂ ਮੰਤਰੀਆਂ ਦੇ ਮਹਿਕਮਿਆਂ ਦਾ ਫੈਸਲਾ ਵੀ ਅੱਜ ਹੋਣਾ ਹੈ। ਇਸ ਬਾਬਤ ਬੈਠਕ ਬੁਲਾਈ ਜਾਵੇਗੀ ਅਤੇ ਕਈ ਮੰਤਰੀਆਂ ਦੇ ਮਹਿਕਮਿਆਂ ਵਿਚ ਫੇਰਬਦਲ ਕੀਤੇ ਜਾਣ ਦੀ ਸੰਭਾਵਨਾ ਹੈ।


Tanu

Content Editor

Related News