ITBP ਨੇ ਕੋਰੋਨਾਵਾਇਰਸ ਵੱਖਰੇ ਕੇਂਦਰ ''ਚ ਤਾਇਨਾਤ ਕਰਮਚਾਰੀਆਂ ਨੂੰ ਕੀਤਾ ਸਨਮਾਨਤ

Thursday, Feb 20, 2020 - 05:48 PM (IST)

ITBP ਨੇ ਕੋਰੋਨਾਵਾਇਰਸ ਵੱਖਰੇ ਕੇਂਦਰ ''ਚ ਤਾਇਨਾਤ ਕਰਮਚਾਰੀਆਂ ਨੂੰ ਕੀਤਾ ਸਨਮਾਨਤ

ਨਵੀਂ ਦਿੱਲੀ (ਭਾਸ਼ਾ)— ਭਾਰਤ ਤਿੱਬਤ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਨੇ ਵੀਰਵਾਰ ਨੂੰ ਆਪਣੇ ਡਾਕਟਰਾਂ, ਰਸੋਈਏ ਅਤੇ ਸਵੱਛਤਾ ਕਰਮਚਾਰੀਆਂ ਸਮੇਤ ਉਨ੍ਹਾਂ ਕਰਮਚਾਰੀਆਂ ਨੂੰ ਸਨਮਾਨਤ ਕੀਤਾ, ਜਿਨ੍ਹਾਂ ਨੇ ਕੋਰੋਨਾਵਾਇਰਸ ਦੇ ਮੱਦੇਨਜ਼ਰ ਬਣਾਏ ਗਏ ਵੱਖਰੇ ਵਾਰਡ 'ਚ ਕੰਮ ਕੀਤਾ ਸੀ। ਕੇਂਦਰ 'ਚ 406 ਲੋਕਾਂ ਨੂੰ ਰੱਖਿਆ ਗਿਆ ਸੀ। ਫੋਰਸ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। 

ਆਈ. ਟੀ. ਬੀ. ਪੀ. ਦੇ ਡੀ. ਜੀ. ਐੱਸ. ਐੱਸ. ਦੇਸਵਾਲ ਨੇ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਤੁਸੀਂ ਜੋ ਕੀਤਾ, ਉਸ ਲਈ ਬਹੁਤ-ਬਹੁਤ ਧੰਨਵਾਦ। ਦੇਸ਼ ਅਤੇ ਫੋਰਸ ਨੂੰ ਤੁਹਾਡੇ 'ਤੇ ਮਾਣ ਹੈ। ਆਈ. ਟੀ. ਬੀ. ਪੀ. ਦੇ ਬੁਲਾਰੇ ਵਿਵੇਕ ਕੁਮਾਰ ਪਾਂਡੇ ਨੇ ਕਿਹਾ ਕਿ ਦੇਸਵਾਲ ਨੇ 28 ਕਰਮਚਾਰੀਆਂ ਨੂੰ ਫੋਰਸ ਦੇ ਸਰਵਉੱਚ ਪੁਰਸਕਾਰ ਨਾਲ ਸਨਮਾਨਤ ਕੀਤਾ, ਜਦਕਿ 3 ਨੂੰ ਪ੍ਰਸ਼ੰਸਾ ਪੱਤਰ ਦਿੱਤੇ ਗਏ ਅਤੇ 32 ਕਰਮਚਾਰੀਆਂ ਨੂੰ ਨਕਦੀ ਪੁਰਸਕਾਰ ਪ੍ਰਦਾਨ ਕੀਤੇ ਗਏ। ਉਨ੍ਹਾਂ ਨੇ ਕਿਹਾ ਕਿ ਸਨਮਾਨਤ ਹੋਣ ਵਾਲਿਆਂ 'ਚ ਡਾਕਟਰ, ਰਸੋਈਏ, ਪ੍ਰਸ਼ਾਸਨਿਕ ਵਿਭਾਗ ਦੇ ਕਰਮਚਾਰੀ, ਚਾਲਕ, ਸਵੱਛਤਾ ਕਰਮਚਾਰੀ ਸ਼ਾਮਲ ਹਨ। 

ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਕਰਮਚਾਰੀਆਂ ਨੇ 48 ਘੰਟਿਆਂ ਦੇ ਅੰਦਰ ਜਵਾਨਾਂ ਦੇ ਇਕ ਆਵਾਸੀ ਬੈਰਕ ਨੂੰ ਵੱਖਰਾ ਕੇਂਦਰ ਬਣਾਉਣ 'ਚ ਮਦਦ ਕੀਤੀ ਅਤੇ ਇਸ ਨੂੰ ਇਕ ਪੰਦਰਵਾੜੇ ਤੋਂ ਵੱਧ ਸਮੇਂ ਤਕ ਚਾਲੂ ਰੱਖਿਆ। ਇਨ੍ਹਾਂ ਲੋਕਾਂ ਨੂੰ ਕੋਰੋਨਾਵਾਇਰਸ ਪ੍ਰਭਾਵਿਤ ਚੀਨੀ ਸ਼ਹਿਰ ਵੁਹਾਨ ਤੋਂ ਕੱਢ ਕੇ ਲਿਆਂਦਾ ਗਿਆ ਸੀ। ਇਨ੍ਹਾਂ ਲੋਕਾਂ ਨੂੰ ਵੱਖਰੇ ਵਾਰਡ 'ਚ ਰਹਿਣ, ਖਾਣੇ, ਡਾਕਟਰੀ ਮਦਦ ਆਦਿ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਸਨ। ਕੋਰੋਨਾਵਾਇਰਸ ਦੇ ਕਹਿਰ ਕਾਰਨ ਵੁਹਾਨ ਤੋਂ ਇਕ ਅਤੇ 2 ਫਰਵਰੀ ਨੂੰ ਏਅਰ ਇੰਡੀਆ ਦੇ ਦੋ ਜਹਾਜ਼ਾਂ 'ਚ ਕੁੱਲ 650 ਲੋਕਾਂ ਨੂੰ ਵਾਪਸ ਲਿਆਂਦਾ ਗਿਆ ਸੀ।


author

Tanu

Content Editor

Related News