ਕੋਰੋਨਾ ਦੇ ਕਹਿਰ 'ਚ ਈਰਾਨ ਤੋਂ ਜੋਧਪੁਰ ਪਹੁੰਚੇ 277 ਭਾਰਤੀ
Wednesday, Mar 25, 2020 - 09:18 AM (IST)
ਤੇਹਰਾਨ/ਨਵੀਂ ਦਿੱਲੀ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ।ਕੋਰੋਨਾ ਦੇ ਕਹਿਰ ਦੇ ਵਿਚ ਈਰਾਨ ਤੋਂ ਭਾਰਤੀ ਲੋਕਾਂ ਦਾ ਨਵਾਂ ਜੱਥਾ ਵਾਪਸ ਪਰਤ ਆਇਆ ਹੈ। ਇਸ ਦਲ ਵਿਚ 277 ਲੋਕ ਸ਼ਾਮਲ ਹਨ। ਭਾਰਤ ਸਰਕਾਰ ਦੀ ਪਹਿਲ 'ਤੇ ਇਹਨਾਂ ਨੂੰ ਵਿਸ਼ੇਸ਼ ਜਹਾਜ਼ ਜ਼ਰੀਏ ਜੋਧਪੁਰ ਲਿਆਂਦਾ ਗਿਆ ਹੈ। ਅਗਲੇ 14 ਦਿਨਾਂ ਤੱਕ ਇਹ ਲੋਕ ਆਈਸੋਲੇਸ਼ਨ ਵਿਚ ਰੱਖੇ ਜਾਣਗੇ।
ਦੇਸ਼ ਵਾਪਸੀ ਕਰਨ ਵਾਲੇ ਸਾਰੇ ਭਾਰਤੀਆਂ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਧੰਨਵਾਦ ਪ੍ਰਗਟ ਕੀਤਾ। ਇਸ ਤੋਂ ਪਹਿਲਾਂ 15 ਮਾਰਚ ਨੂੰ ਈਰਾਨ ਤੋਂ 234 ਭਾਰਤੀਆਂ ਦਾ ਜੱਥਾ ਆਇਆ ਸੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਸੀ,''ਈਰਾਨ ਵਿਚ ਫਸੇ 234 ਭਾਰਤੀ ਵਾਪਸ ਆ ਗਏ ਹਨ। ਈਰਾਨ ਵਿਚ ਭਾਰਤੀ ਰਾਜਦੂਤ ਅਤੇ ਈਰਾਨ ਵਿਚ ਭਾਰਤੀ ਹਾਈ ਕਮਿਸ਼ਨ ਦੀਆਂ ਕੋਸ਼ਿਸ਼ਾਂ ਦੇ ਲਈ ਧੰਨਵਾਦ। ਈਰਾਨੀ ਅਧਿਕਾਰੀਆਂ ਦਾ ਵੀ ਧੰਨਵਾਦ।'' ਇਸ ਤੋਂ ਪਹਿਲਾਂ 53 ਭਾਰਤੀਆਂ ਦਾ ਇਕ ਸਮੂਹ ਈਰਾਨ ਤੋਂ ਭਾਰਤ ਪਰਤਿਆ ਸੀ।
ਪੜ੍ਹੋ ਇਹ ਅਹਿਮ ਖਬਰ- ਨਿਊਯਾਰਕ ਚ’ ਪਹਿਲੇ ਪੰਜਾਬੀ ਸਿੱਖ ਦੀ ਕੋਰੋਨਾਵਾਇਰਸ ਨਾਲ ਮੌਤ
ਈਰਾਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਸਮੇਤ ਵੱਖ-ਵੱਖ ਲੋਕ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਕੇ ਭਾਰਤ ਸਰਕਾਰ ਨੂੰ ਉਹਨਾਂ ਨੂੰ ਵਾਪਸ ਲਿਆਉਣ ਦੀ ਅਪੀਲ ਕਰ ਚੁੱਕੇ ਹਨ। ਪੀ.ਐੱਮ. ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਦੇ ਖਤਰੇ ਨੂੰ ਲੈ ਕੇ ਬੀਤੇ ਦਿਨੀਂ ਹੋਈ ਸਮੀਖਿਆ ਬੈਠਕ ਵਿਚ ਅਧਿਕਾਰੀਆਂ ਨੂੰ ਈਰਾਨ ਵਿਚ ਫਸੇ ਭਾਰਤੀਆਂ ਦੀ ਜਲਦ ਸੁਰੱਖਿਅਤ ਵਾਪਸੀ ਯਕੀਨੀ ਕਰਨ ਲਈ ਕਿਹਾ ਸੀ।