UP ; ਕੇਸ ''ਚੋਂ ਨਾ ਕੱਢਣ ਬਦਲੇ ਮੰਗੀ 70 ਹਜ਼ਾਰ ਰਿਸ਼ਵਤ ! ਇੰਸਪੈਕਟਰ ਗ੍ਰਿਫ਼ਤਾਰ
Tuesday, Nov 18, 2025 - 02:24 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਮਾਧੌਗੰਜ ਥਾਣੇ ਵਿੱਚ ਤਾਇਨਾਤ ਇੰਸਪੈਕਟਰ ਆਕਾਸ਼ ਕੌਸ਼ਲ ਨੂੰ 70 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ ਗਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੰਸਪੈਕਟਰ ਆਕਾਸ਼ ਕੌਸ਼ਲ ਇੱਕ ਮੁਕੱਦਮੇ ਦੀ ਜਾਂਚ ਕਰ ਰਿਹਾ ਸੀ। ਇੰਸਪੈਕਟਰ 'ਤੇ ਦੋਸ਼ ਹੈ ਕਿ ਉਸ ਨੇ ਇੱਕ ਵਿਅਕਤੀ ਦਾ ਨਾਂ ਕੇਸ 'ਚੋਂ ਬਾਹਰ ਕੱਢਣ ਅਤੇ ਉਸ ਦੇ ਪੱਖ ਵਿੱਚ ਰਿਪੋਰਟ ਲਗਾਉਣ ਬਦਲੇ 70 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ।
ਪੀੜਤ ਨੇ ਇਸ ਦੀ ਸ਼ਿਕਾਇਤ ਐਂਟੀ ਕਰੱਪਸ਼ਨ ਟੀਮ ਨੂੰ ਕਰ ਦਿੱਤੀ ਤੇ ਸ਼ਿਕਾਇਤ ਮਿਲਣ ਤੋਂ ਬਾਅਦ ਟੀਮ ਨੇ ਤੁਰੰਤ ਜਾਲ ਵਿਛਾ ਕੇ ਸ਼ਿਕਾਇਤਕਰਤਾ ਨੂੰ 70 ਹਜ਼ਾਰ ਰੁਪਏ ਦੇ ਕੇ ਇੰਸਪੈਕਟਰ ਕੋਲ ਭੇਜਿਆ ਗਿਆ। ਜਿਵੇਂ ਹੀ ਇੰਸਪੈਕਟਰ ਨੇ ਪੈਸੇ ਫੜੇ, ਟੀਮ ਨੇ ਤੁਰੰਤ ਛਾਪਾ ਮਾਰ ਦਿੱਤਾ ਅਤੇ ਉਸ ਨੂੰ ਰਿਸ਼ਵਤ ਲੈਂਦੇ ਹੋਏ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ। ਟੀਮ ਨੇ ਰਿਸ਼ਵਤ ਵਜੋਂ ਦਿੱਤੀ ਗਈ ਪੂਰੀ ਰਕਮ ਵੀ ਬਰਾਮਦ ਕਰ ਲਈ ਹੈ।
ਇਹ ਵੀ ਪੜ੍ਹੋ- Congo ; ਲੈਂਡਿੰਗ ਕਰਨ ਲੱਗੇ ਜਹਾਜ਼ ਨੂੰ ਲੱਗ ਗਈ ਅੱਗ ! ਮੰਤਰੀ ਸਣੇ ਕਈ ਅਧਿਕਾਰੀਆਂ ਦੀ...
ਗ੍ਰਿਫਤਾਰੀ ਤੋਂ ਬਾਅਦ ਇੰਸਪੈਕਟਰ ਆਕਾਸ਼ ਕੌਸ਼ਲ ਨੂੰ ਸਾਂਡੀ ਥਾਣੇ ਲਿਜਾਇਆ ਗਿਆ। ਅਧਿਕਾਰੀਆਂ ਅਨੁਸਾਰ, ਉਸ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਪੂਰੀ ਜਾਂਚ ਕੀਤੀ ਗਈ ਅਤੇ ਫਿਰ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
