ਰਾਜਸਥਾਨ ਦੇ ਮੰਤਰੀ ਦੇ ਪੁੱਤਰ ''ਤੇ ਜਬਰ-ਜ਼ਿਨਾਹ ਦਾ ਦੋਸ਼ ਲਗਾਉਣ ਵਾਲੀ ਔਰਤ ''ਤੇ ਸੁੱਟੀ ਸਿਆਹੀ

Sunday, Jun 12, 2022 - 05:40 PM (IST)

ਨਵੀਂ ਦਿੱਲੀ-  ਰਾਜਸਥਾਨ ਦੇ ਮੰਤਰੀ ਮਹੇਸ਼ ਜੋਸ਼ੀ ਦੇ ਪੁੱਤਰ ਰੋਹਿਤ ਜੋਸ਼ੀ ’ਤੇ ਜਬਰ-ਜ਼ਿਨਾਹ ਦਾ ਦੋਸ਼ ਲਾਉਣ ਵਾਲੀ 23 ਸਾਲਾ ਔਰਤ ’ਤੇ ਦੱਖਣੀ-ਪੂਰਬੀ ਦਿੱਲੀ ਦੇ ਕਾਲਿੰਦੀ ਕੁੰਜ ਰੋਡ ਨੇੜੇ ਨੀਲੀ ਸਿਆਹੀ ਸੁੱਟੀ ਗਈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਇਹ ਹਮਲਾ ਸ਼ਨੀਵਾਰ ਨੂੰ ਉਸ ਸਮੇਂ ਹੋਇਆ ਜਦੋਂ ਔਰਤ ਅਤੇ ਉਸ ਦੀ ਮਾਂ ਕਿਸੇ ਕੰਮ ਲਈ ਜੈਪੁਰ ਤੋਂ ਦਿੱਲੀ ਆਈਆਂ ਸਨ। ਪੁਲਸ ਨੇ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਇਸ ਸਬੰਧ 'ਚ ਐੱਫ.ਆਈ.ਆਰ. ਦਰਜ ਕਰ ਲਈ ਹੈ। ਦੱਖਣੀ-ਪੂਰਬੀ ਦਿੱਲੀ ਦੀ ਪੁਲਸ ਡਿਪਟੀ ਕਮਿਸ਼ਨਰ ਈਸ਼ਾ ਪਾਂਡੇ ਨੇ ਕਿਹਾ ਕਿ ਪੁਲਸ ਨੂੰ ਪੀ.ਸੀ.ਆਰ ਕਾਲ ਪ੍ਰਾਪਤ ਹੋਈ ਸੀ। ਪੁਲਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਕਿ ਇਹ ਨੀਲੇ ਰੰਗ ਦਾ ਤਰਲ ਸੀ ਅਤੇ ਸਿਆਹੀ ਵਰਗਾ ਲੱਗਦਾ ਸੀ।

ਪੀੜਤਾ ਦੇ ਬਿਆਨ ਮੁਤਾਬਕ ਸ਼ਨੀਵਾਰ ਨੂੰ ਜਦੋਂ ਉਹ ਕਾਲਿੰਦੀ ਕੁੰਜ ਰੋਡ ਨੇੜੇ ਆਪਣੀ ਮਾਂ ਨਾਲ ਜਾ ਰਹੀ ਸੀ ਤਾਂ ਆਟੋ ਰਿਕਸ਼ਾ 'ਚ ਸਵਾਰ ਦੋ ਵਿਅਕਤੀਆਂ ਨੇ ਉਸ 'ਤੇ ਕੋਈ ਚੀਜ਼ ਸੁੱਟ ਦਿੱਤੀ ਅਤੇ ਫਰਾਰ ਹੋ ਗਏ। ਪੁਲਸ ਡਿਪਟੀ ਕਮਿਸ਼ਨਰ ਈਸ਼ਾ ਪਾਂਡੇ ਮੁਤਾਬਕ ਏਮਜ਼ ਦੇ ਟਰਾਮਾ ਸੈਂਟਰ ਵਿਚ ਪੀੜਤ ਔਰਤ ਦੀ ਸਿਹਤ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਪੁਲਸ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਪਹਿਲੀ ਨਜ਼ਰ ਵਿਚ ਨੀਲੇ ਰੰਗ ਦਾ ਤਰਲ ਸਿਆਹੀ ਵਰਗਾ ਲੱਗਦਾ ਹੈ। ਇਸ ਸਬੰਧ 'ਚ ਸ਼ਾਹੀਨ ਬਾਗ ਥਾਣੇ 'ਚ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 195-ਏ, 506, 323 ਅਤੇ 34 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਓਧਰ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਐਤਵਾਰ ਨੂੰ ਕਿਹਾ ਕਿ ਉਹ ਔਰਤ 'ਤੇ ਹੋਏ ਹਮਲੇ ਲਈ ਐੱਫ. ਆਈ. ਆਰ ਦਰਜ ਕਰਨ ਲਈ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕਰੇਗੀ। ਉਨ੍ਹਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ 'ਤੇ ਵੀ ਆਪਣੀ ਸਰਕਾਰ ਦੇ ਇਕ ਮੰਤਰੀ ਦੇ ਪੁੱਤਰ ਨੂੰ ਬਚਾਉਣ ਦਾ ਦੋਸ਼ ਲਾਇਆ।
 


Tanu

Content Editor

Related News