ਇੰਦੌਰ ਬੱਸ ਹਾਦਸੇ ''ਚ ਸਕੂਲ ਪ੍ਰਬੰਧਨ ''ਤੇ ਮਾਮਲਾ ਦਰਜ
Sunday, Jan 07, 2018 - 01:08 AM (IST)

ਭੋਪਾਲ— ਮੱਧ ਪ੍ਰਦੇਸ਼ ਦੇ ਇੰਦੌਰ 'ਚ ਸ਼ੁੱਕਰਵਾਰ ਨੂੰ ਹੋਏ ਬੱਸ ਹਾਦਸੇ 'ਚ 4 ਬੱਚਿਆਂ ਦੀ ਮੌਤ ਦੇ ਮਾਮਲੇ 'ਚ ਸਕੂਲ ਪ੍ਰਬੰਧਨ ਅਤੇ ਸਪੀਡ ਗਵਰਨਰ ਲਗਾਉਣ ਵਾਲੀ ਏਜੰਸੀ ਰੋਜ ਮਿੱਤਰਾ 'ਤੇ ਗੈਰ ਇਰਾਦਤਨ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
ਦੱਸਿਆ ਗਿਆ ਹੈ ਕਿ ਬੱਸ ਦਾ ਸਟੇਅਰਿੰਗ ਵ੍ਹੀਲ ਜਾਮ ਹੋ ਗਿਆ ਸੀ, ਜਿਸ ਦੇ ਚੱਲਦੇ ਬੱਸ ਉਲਟ ਦਿਸ਼ਾ 'ਚ ਚਲੀ ਗਈ ਅਤੇ ਟਰੱਕ ਨਾਲ ਭਿੜ ਗਈ। ਸਟੇਅਰਿੰਗ ਵ੍ਹੀਲ ਨੂੰ ਲੈ ਕੇ ਡਰਾਈਵਰ ਨੇ ਸ਼ਿਕਾਇਤ ਵੀ ਕੀਤੀ ਸੀ ਪਰ ਇਸ 'ਤੇ ਸਕੂਲ ਪ੍ਰਬੰਧਨ ਨੇ ਕੋਈ ਧਿਆਨ ਨਹੀਂ ਦਿੱਤਾ। ਇਸ ਤੋਂ ਪਹਿਲਾਂ ਗ੍ਰਹਿਮੰਤਰੀ ਭੁਪਿੰਦਰ ਸਿੰਘ ਨੇ ਸਕੂਲ ਪ੍ਰਬੰਧਨ ਅਤੇ ਸਪੀਡ ਗਵਰਨਰ ਕੰਪਨੀ ਖਿਲਾਫ ਤੱਤਕਾਲ ਐੱਫ. ਆਈ. ਆਰ. ਦਰਜ ਕਰ ਕੇ ਗ੍ਰਿਫਤਾਰੀ ਦੇ ਹੁਕਮ ਦਿੱਤੇ ਸਨ।
ਜਾਂਚ 'ਚ ਤੱਥ ਸਾਹਮਣੇ ਆਏ ਹਨ ਕਿ ਬੱਸ ਓਵਰ ਸਪੀਡ ਸੀ। ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਸਪੀਡ 80 ਕਿ.ਮੀ. ਪ੍ਰਤੀ ਘੰਟਾ ਸੀ। ਸਰਕਾਰ ਨੇ ਇੰਦੌਰ ਡੀ. ਆਈ. ਜੀ. ਹਰਿਨਰਾਇਣ ਚਾਰੀ ਮਿਸ਼ਰਾ ਨੂੰ ਤੱਤਕਾਲ ਕਾਰਵਾਈ ਕਰਦੇ ਹੋਏ ਸਕੂਲ ਪ੍ਰਬੰਧਨ ਅਤੇ ਸਪੀਡ ਗਵਰਨਰ ਕੰਪਨੀ ਖਿਲਾਫ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਇੰਦੌਰ 'ਚ ਦਿੱਲੀ ਪਬਲਿਕ ਸਕੂਲ ਦੀ ਬੱਸ ਅਤੇ ਇਕ ਟਰੱਕ ਵਿਚਾਲੇ ਟੱਕਰ ਹੋ ਗਈ ਸੀ, ਜਿਸ ਦੌਰਾਨ ਚਾਰ ਬੱਚੇ ਅਤੇ ਬੱਸ ਡਰਾਈਵਰ ਦੀ ਮੌਕੇ 'ਤੇ ਮੌਤ ਹੋ ਗਈ ਸੀ।