ਸੁਪਨਾ ਰਹਿ ਗਿਆ ਅਧੂਰਾ! ਭਾਰਤ-ਪਾਕਿ ਸਰਹੱਦ ਬੰਦ ਹੋਣ ਨਾਲ ਅਟਕਿਆ ਨੌਜਵਾਨ ਦਾ ਵਿਆਹ
Saturday, Apr 26, 2025 - 03:21 PM (IST)

ਜੈਪੁਰ- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦੀ ਹਮਲੇ ਨੇ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਕਾਫੀ ਵੱਧ ਗਿਆ ਹੈ। ਇਸ ਹਮਲੇ ਮਗਰੋਂ ਭਾਰਤ ਵਲੋਂ ਅਟਾਰੀ-ਵਾਹਘਾ ਬਾਰਡਰ ਚੌਕੀ ਬੰਦ ਕਰ ਦਿੱਤੀ ਗਈ ਹੈ। ਸਰਹੱਦ ਬੰਦ ਹੋਣ ਕਾਰਨ ਰਾਜਸਥਾਨ ਦੇ ਸਰਹੱਦੀ ਜ਼ਿਲ੍ਹੇ ਬਾੜਮੇਰ ਦੇ ਇਕ ਨੌਜਵਾਨ ਦਾ ਵਿਆਹ ਵਿਚਾਲੇ ਅਟਕ ਗਿਆ। ਲਾੜਾ ਆਪਣੇ ਪਰਿਵਾਰ ਨਾਲ ਅਟਾਰੀ ਪਹੁੰਚਿਆ ਸੀ ਪਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।
30 ਅਪ੍ਰੈਲ ਨੂੰ ਪਾਕਿਸਤਾਨ 'ਚ ਹੋਣਾ ਸੀ ਵਿਆਹ
ਬਾੜਮੇਰ ਜ਼ਿਲ੍ਹੇ ਦੇ ਇੰਦਰੋਈ ਪਿੰਡ ਵਾਸੀ ਸ਼ੈਤਾਨ ਸਿੰਘ (25) ਦਾ ਵਿਆਹ 30 ਅਪ੍ਰੈਲ ਨੂੰ ਪਾਕਿਸਤਾਨ ਦੇ ਅਮਰਕੋਟ ਸ਼ਹਿਰ ਵਿਚ ਹੋਣਾ ਸੀ। ਪਰਿਵਾਰ ਨੇ ਵਿਆਹ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਸਨ ਅਤੇ ਅਟਾਰੀ-ਵਾਹਘਾ ਸਰਹੱਦ 'ਤੇ ਪਹੁੰਚ ਗਏ ਪਰ ਉੱਥੇ ਸਾਰੀਆਂ ਯੋਜਨਾਵਾਂ ਧਰੀਆਂ-ਧਰਾਈਆਂ ਰਹਿ ਗਈਆਂ। ਉੱਥੇ ਪਹੁੰਚਣ 'ਤੇ ਅਧਿਕਾਰੀਆਂ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਅੱਤਵਾਦੀ ਹਮਲੇ ਮਗਰੋਂ ਵਧੀਆਂ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਾਕਿਸਤਾਨ ਵਿਚ ਐਂਟਰੀ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ। ਸ਼ੈਤਾਨ ਸਿੰਘ ਦੀ ਕੁੜਮਾਈ ਪਾਕਿਸਤਾਨ ਦੇ ਸਿੰਧ ਸੂਬੇ ਦੇ ਅਮਰਕੋਟ ਜ਼ਿਲ੍ਹੇ ਦੀ 21 ਸਾਲਾ ਕੇਸਰ ਕੰਵਰ ਨਾਲ 4 ਸਾਲ ਪਹਿਲਾਂ ਹੋਇਆ ਸੀ। ਕਈ ਸਾਲ ਦੀ ਕੋਸ਼ਿਸ਼ ਮਗਰੋਂ ਇਸ ਸਾਲ 18 ਫਰਵਰੀ ਨੂੰ ਉਨ੍ਹਾਂ ਨੂੰ, ਉਨ੍ਹਾਂ ਦੇ ਪਿਤਾ ਅਤੇ ਭਰਾ ਨੂੰ ਵੀਜ਼ਾ ਦਿੱਤਾ ਗਿਆ।
ਸਰਹੱਦ ਬੰਦ, ਮੁਸ਼ਕਲਾਂ ਵਧੀਆਂ
ਸ਼ੈਤਾਨ ਸਿੰਘ ਦਾ ਪਰਿਵਾਰ 23 ਅਪ੍ਰੈਲ ਨੂ ਅਟਾਰੀ ਸਰਹੱਦ ਲਈ ਰਵਾਨਾ ਹੋਇਆ ਅਤੇ ਇਕ ਦਿਨ ਬਾਅਦ ਪਹੁੰਚਿਆ ਪਰ 24 ਅਪ੍ਰੈਲ ਤੱਕ ਤਣਾਅ ਵੱਧਣ ਕਾਰਨ ਸਰਹੱਦ ਬੰਦ ਹੋ ਗਈ। ਸ਼ੈਤਾਨ ਨੇ ਕਿਹਾ ਕਿ ਅਸੀਂ ਇਸ ਦਿਨ ਦਾ ਲੰਬੇ ਸਮੇਂ ਇੰਤਜ਼ਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਨੇ ਜੋ ਕੁਝ ਵੀ ਕੀਤਾ, ਉਹ ਬਹੁਤ ਗਲਤ ਹੈ। ਮੇਰਾ ਵਿਆਹ ਹੋਣਾ ਸੀ ਪਰ ਹੁਣ ਨਹੀਂ ਜਾਣ ਦੇ ਰਹੇ ਹਨ। ਹੁਣ ਵਿਆਹ ਵਿਚ ਰੁਕਾਵਟ ਆ ਗਈ ਕੀ ਕਰੀਏ? ਇਹ ਸਰਹੱਦ ਦਾ ਮਾਮਲਾ ਹੈ। ਹਾਲਾਂਕਿ ਉਨ੍ਹਾਂ ਦਾ ਵੀਜ਼ਾ 12 ਮਈ ਤੱਕ ਵੈਧ ਹੈ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਮੀਦ ਹੈ ਕਿ ਜੇਕਰ ਅਸੀਂ ਇਸ ਸਮੇਂ ਸਰਹੱਦ ਖੁੱਲ੍ਹਦੀ ਹੈ ਤਾਂ ਵਿਆਹ ਹੋ ਸਕਦਾ ਹੈ।
ਪਾਕਿਸਤਾਨ ਤੋਂ ਆਏ ਰਿਸ਼ਤੇਦਾਰਾਂ ਨੂੰ ਪਾਕਿਸਤਾਨ ਪਰਤਣਾ ਪਿਆ
ਸਿੰਘ ਦੇ ਚਚੇਰੇ ਭਰਾ ਸੁਰੇਂਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਥਿਤੀ ਨੇ ਦੋਵਾਂ ਪਰਿਵਾਰਾਂ ਨੂੰ ਨਿਰਾਸ਼ ਕੀਤਾ ਹੈ। ਉਸਨੇ ਕਿਹਾ ਕਿ ਸਾਡੇ ਰਿਸ਼ਤੇਦਾਰ ਵੀ ਪਾਕਿਸਤਾਨ ਤੋਂ ਆਏ ਸਨ। ਉਨ੍ਹਾਂ ਨੂੰ ਵੀ ਵਾਪਸ ਜਾਣਾ ਪਿਆ। ਅਸੀਂ ਬਹੁਤ ਨਿਰਾਸ਼ ਹਾਂ। ਅੱਤਵਾਦੀ ਘਟਨਾਵਾਂ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ, ਰਿਸ਼ਤੇ ਵਿਗੜ ਜਾਂਦੇ ਹਨ। ਸਰਹੱਦ ਪਾਰੋਂ ਆਵਾਜਾਈ ਰੁਕ ਜਾਂਦੀ ਹੈ। ਸ਼ੈਤਾਨ ਸਿੰਘ ਦਾ ਸਰਹੱਦ ਪਾਰ ਵਿਆਹ ਪਰਿਵਾਰਕ ਰਿਸ਼ਤਿਆਂ ਰਾਹੀਂ ਕੀਤਾ ਗਿਆ ਸੀ, ਜੋ ਕਿ ਸੋਢਾ ਰਾਜਪੂਤ ਭਾਈਚਾਰੇ ਵਿਚ ਆਮ ਹੈ। ਪਾਕਿਸਤਾਨ ਦੇ ਸਿੰਧ ਸੂਬੇ 'ਚ ਸੋਢਾ ਰਾਜਪੂਤਾਂ ਦੀ ਇਕ ਮਹੱਤਵਪੂਰਨ ਆਬਾਦੀ ਹੈ। ਉਨ੍ਹਾਂ ਵਿਚੋਂ ਬਹੁਤ ਸਾਰੇ ਭਾਈਚਾਰੇ ਦੇ ਅੰਦਰ ਵਿਆਹ ਕਰਨਾ ਪਸੰਦ ਕਰਦੇ ਹਨ ਅਤੇ ਅਕਸਰ ਆਪਣੀਆਂ ਸੱਭਿਆਚਾਰਕ ਪਰੰਪਰਾਵਾਂ ਨੂੰ ਸੁਰੱਖਿਅਤ ਰੱਖਣ ਲਈ ਸਰਹੱਦ ਪਾਰ ਸਬੰਧਾਂ ਦੀ ਭਾਲ ਕਰਦੇ ਹਨ।