ਉੱਡਦੇ ਯਾਤਰੀ ਜਹਾਜ਼ ਦਾ ਹੋ ਗਿਆ ਇੰਜਨ ਫੇਲ੍ਹ, ਦਿੱਲੀ ਤੋਂ ਭਰੀ ਸੀ ਉੱਡਾਣ

Thursday, Jul 17, 2025 - 01:07 PM (IST)

ਉੱਡਦੇ ਯਾਤਰੀ ਜਹਾਜ਼ ਦਾ ਹੋ ਗਿਆ ਇੰਜਨ ਫੇਲ੍ਹ, ਦਿੱਲੀ ਤੋਂ ਭਰੀ ਸੀ ਉੱਡਾਣ

ਮੁੰਬਈ : ਅਹਿਮਦਾਬਾਦ ਵਿਖੇ ਵਾਪਰੇ ਭਿਆਨਕ ਜਹਾਜ਼ ਹਾਦਸੇ ਤੋਂ ਬਾਅਦ ਸਾਰੇ ਲੋਕ ਜਹਾਜ਼ ਵਿਚ ਸਫ਼ਰ ਕਰਨ ਤੋਂ ਡਰ ਰਹੇ ਹਨ। ਜਿਹੜੇ ਲੋਕ ਮਜ਼ਬੂਰੀ ਵਿਚ ਜ਼ਹਾਜ ਵਿਚ ਸਫਰ ਕਰਦੇ ਹਨ, ਉਹਨਾਂ ਦੇ ਸਾਹ ਸੁੱਕ ਜਾਂਦੇ ਹਨ। ਅਜਿਹਾ ਹੀ ਕੁਧ ਦਿੱਲੀ ਤੋਂ ਗੋਆ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਵਿਚ ਹੋਇਆ ਹੈ। ਦਿੱਲੀ ਤੋਂ ਗੋਆ ਜਾਣ ਵਾਲੀ ਇਸ ਉਡਾਣ ਦੇ ਬੁੱਧਵਾਰ ਰਾਤ ਨੂੰ ਅਚਾਨਕ ਇੰਜਣ ਵਿੱਚ ਖ਼ਰਾਬੀ ਹੋਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਇਸ ਜਹਾਜ਼ ਦੀ ਮੁੰਬਈ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਘਟਨਾ ਦੀ ਜਾਣਕਾਰੀ ਇੱਕ ਸੂਤਰ ਵਲੋਂ ਦਿੱਤੀ ਗਈ ਹੈ। 

ਸੂਤਰ ਨੇ ਦੱਸਿਆ ਕਿ ਏਅਰਬੱਸ ਏ320 ਨਿਓ ਦੁਆਰਾ ਸੰਚਾਲਿਤ ਇਸ ਉਡਾਣ ਦੀ ਰਾਤ 9:52 ਵਜੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਹੈ। ਇੰਡੀਗੋ ਦੇ ਬੁਲਾਰੇ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਦਿੱਲੀ ਤੋਂ ਗੋਆ ਦੇ ਮਨੋਹਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣ ਦੌਰਾਨ ਇੱਕ ਤਕਨੀਕੀ ਖ਼ਰਾਬੀ ਦਾ ਪਤਾ ਲੱਗਿਆ। ਏਅਰਲਾਈਨ ਦੇ ਅਨੁਸਾਰ ਉਡਾਣ ਨੂੰ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੋੜਿਆ ਗਿਆ ਅਤੇ ਉਤਾਰਿਆ ਗਿਆ।

ਸੂਤਰਾਂ ਨੇ ਦੱਸਿਆ, "ਇੰਡੀਗੋ ਦੀ ਦਿੱਲੀ ਤੋਂ ਗੋਆ ਜਾਣ ਵਾਲੀ ਉਡਾਣ 6E-6271 ਨੂੰ ਇੰਜਣ ਫੇਲ੍ਹ ਹੋਣ ਕਾਰਨ ਮੁੰਬਈ ਮੋੜ ਦਿੱਤਾ ਗਿਆ ਅਤੇ ਪੂਰੀ ਐਮਰਜੈਂਸੀ ਘੋਸ਼ਿਤ ਕੀਤੀ ਗਈ।" ਇੰਡੀਗੋ ਨੇ ਉਡਾਣ ਵਿੱਚ ਸਵਾਰ ਲੋਕਾਂ ਦੀ ਗਿਣਤੀ ਜਾਂ ਸਮੱਸਿਆ ਦੀ ਪ੍ਰਕਿਰਤੀ ਬਾਰੇ ਕੋਈ ਵੇਰਵਾ ਨਹੀਂ ਦਿੱਤਾ। ਯਾਤਰੀਆਂ ਨੂੰ ਇੱਕ ਵਿਕਲਪਿਕ ਉਡਾਣ ਰਾਹੀਂ ਦਿੱਲੀ ਲਿਜਾਇਆ ਗਿਆ। ਮੁੰਬਈ ਹਵਾਈ ਅੱਡੇ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੁੱਧਵਾਰ ਰਾਤ 9:52 ਵਜੇ ਉਡਾਣ ਦੇ ਉਤਰਨ ਤੋਂ ਬਾਅਦ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਅਤੇ ਟਰਮੀਨਲ 'ਤੇ ਸਟਾਫ ਦੁਆਰਾ ਸਹਾਇਤਾ ਕੀਤੀ ਗਈ।

ਮੁੰਬਈ ਹਵਾਈ ਅੱਡੇ ਦੇ ਬੁਲਾਰੇ ਨੇ ਕਿਹਾ, "16 ਜੁਲਾਈ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰਾਤ 9.35 ਵਜੇ ਪੂਰੀ ਐਮਰਜੈਂਸੀ ਘੋਸ਼ਿਤ ਕੀਤੀ ਗਈ ਸੀ ਜਦੋਂ ਦਿੱਲੀ-ਗੋਆ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਮੋੜ ਦਿੱਤਾ ਗਿਆ ਸੀ।" ਬੁਲਾਰੇ ਨੇ ਕਿਹਾ ਕਿ ਜਹਾਜ਼ ਰਾਤ 9.52 ਵਜੇ ਸੁਰੱਖਿਅਤ ਉਤਰਿਆ ਅਤੇ ਰਾਤ 9.57 ਵਜੇ ਪੂਰੀ ਐਮਰਜੈਂਸੀ ਹਟਾ ਲਈ ਗਈ। ਬੁਲਾਰੇ ਨੇ ਕਿਹਾ ਕਿ ਹਵਾਈ ਅੱਡੇ ਦੇ ਸਮੁੱਚੇ ਕੰਮਕਾਜ 'ਤੇ ਕੋਈ ਪ੍ਰਭਾਵ ਨਹੀਂ ਪਿਆ।


author

rajwinder kaur

Content Editor

Related News