ਭਾਰਤੀ ਸਮੁੰਦਰੀ ਫੌਜ ਨੂੰ ਮਿਲੀ ਵੱਡੀ ਸਫਲਤਾ, ਸਵਦੇਸ਼ੀ ਟਾਰਪੀਡੋ ਨੇ ਪਾਣੀ ਦੇ ਅੰਦਰ ਨਿਸ਼ਾਨੇ ਨੂੰ ਫੁੰਡਿਆ
Wednesday, Jun 07, 2023 - 12:14 PM (IST)
ਨਵੀਂ ਦਿੱਲੀ, (ਭਾਸ਼ਾ)- ਭਾਰਤੀ ਸਮੁੰਦਰੀ ਫੌਜ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਆਪਣੇ ਦੇਸ਼ ’ਚ ਵਿਕਸਿਤ ਭਾਰੀ ਵਜ਼ਨ ਵਾਲੇ ਟਾਰਪੀਡੋ ਨੇ ਪਾਣੀ ਦੇ ਅੰਦਰ ਇਕ ਨਿਸ਼ਾਨੇ ਨੂੰ ਸਫਲਤਾਪੂਰਵਕ ਫੁੰਡ ਦਿੱਤਾ। ਸਮੁੰਦਰੀ ਫੌਜ ਨੇ ਇਸ ਸਫਲਤਾ ਨੂੰ ਮਹਤਵਪੂਰਣ ‘ਮੀਲ ਪੱਥਰ’ ਕਰਾਰ ਦਿੱਤਾ ਹੈ।
ਸਮੁੰਦਰੀ ਫੌਜ ਨੇ ਮੰਗਲਵਾਰ ਨੂੰ ਇਕ ਸੰਖੇਪ ਬਿਆਨ ’ਚ ਕਿਹਾ ਕਿ ਟਾਰਪੀਡੋ ਦੇ ਸਟੀਕ ਨਿਸ਼ਾਨੇ ਨਾਲ ਆਤਮਨਿਰਭਰਤਾ ਦੇ ਜ਼ਰੀਏ ਭਵਿੱਖ ਦੀ ਉੱਤਮ ਜੰਗੀ ਤਿਆਰੀਆਂ ਪ੍ਰਤੀ ਉਸ ਦੀ ਵਚਨਬੱਧਤਾ ਦਾ ਪਤਾ ਚੱਲਦਾ ਹੈ।
ਸਮੁੰਦਰੀ ਫੌਜ ਨੇ ਕਿਹਾ ਕਿ ਸਵਦੇਸ਼ੀ ਰੂਪ ’ਚ ਵਿਕਸਿਤ ਭਾਰੀ ਵਜ਼ਨ ਵਾਲੇ ਟਾਰਪੀਡੋ ਵੱਲੋਂ ਪਾਣੀ ਦੇ ਅੰਦਰ ਨਿਸ਼ਾਨੇ ਨੂੰ ਫੁੰਡਿਆ ਜਾਣਾ ਪਾਣੀ ਦੇ ਹੇਠਾਂ ਦੇ ਖੇਤਰ ’ਚ ਨਿਸ਼ਾਨੇ ਨੂੰ ਨਸ਼ਟ ਕਰਨ ਸਬੰਧੀ ਹਥਿਆਰ ਦੀ ਸਟੀਕਤਾ ਦੀ ਭਾਰਤੀ ਸਮੁੰਦਰੀ ਫੌਜ ਅਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਦੀ ਗੂੜ੍ਹ ਇੱਛਾ ਨੂੰ ਵਿਖਾਉਣ ਵਾਲਾ ਇਕ ਮਹਤਵਪੂਰਣ ‘ਮੀਲ ਦਾ ਪੱਥਰ’ ਹੈ। ਸਮੁੰਦਰੀ ਫੌਜ ਨੇ ਕਿਹਾ, ‘‘ਇਹ ਆਤਮਨਿਰਭਰਤਾ ਦੇ ਮਾਧਿਅਮ ਨਾਲ ਭਵਿੱਖ ਦੀਆਂ ਜੰਗੀ ਤਿਆਰੀਆਂ ਦੇ ਸਬੂਤ ਪ੍ਰਤੀ ਸਾਡੀ ਵਚਨਬੱਧਤਾ ਨੂੰ ਪ੍ਰਦਰਸ਼ਿਤ ਕਰਦਾ ਹੈ।’’
ਪਿਛਲੇ ਕੁਝ ਸਾਲਾਂ ਤੋਂ ਸਮੁੰਦਰੀ ਫੌਜ ਸਬੰਧਤ ਖੇਤਰ ’ਚ ਚੀਨ ਦੀ ਸਮੁੰਦਰੀ ਫੌਜ ਦੀ ਵਧਦੀ ਹਮਲਾਵਰਤਾ ਦੇ ਮੱਦੇਨਜਰ ਵਿਸ਼ੇਸ਼ ਰੂਪ ’ਚ ਹਿੰਦ ਮਹਾਸਾਗਰ ’ਚ ਆਪਣੀਆਂ ਜੰਗੀ ਤਿਆਰੀਆਂ ਵਧਾਉਣ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ।